ਪਾਕਿਸਤਾਨ ’ਚ ਹਥਿਆਰਬੰਦਾਂ ਨੇ 3 ਪੁਲਸ ਮੁਲਾਜ਼ਮਾਂ ਨੂੰ ਬਣਾਇਆ ਬੰਧਕ

ਕਰਾਚੀ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਸੁਰੱਖਿਆ ਜਾਂਚ ਚੌਕੀ ’ਤੇ ਹਮਲਾ ਕਰ ਕੇ ਹਥਿਆਰਬੰਦ ਵਿਅਕਤੀਆਂ ਨੇ 3 ਪੁਲਸ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਤੁਰਬਤ ਸਥਿਤ ਪੁਲਸ ਚੌਕੀ ’ਤੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ 3 ਮੁਲਾਜ਼ਮਾਂ ਨੂੰ ਬੰਧਕ ਬਣਾਉਣ ਤੋਂ ਇਲਾਵਾ ਉਨ੍ਹਾਂ ਦੀਆਂ ਬੰਦੂਕਾਂ ਅਤੇ ਗੋਲੀਆਂ ਵੀ ਖੋਹ ਲਈਆਂ। ਅਧਿਕਾਰੀਆਂ ਮੁਤਾਬਕ ਭਾਰੀ ਹਥਿਆਰਾਂ ਨਾਲ ਲੈੱਸ 6 ਤੋਂ 8 ਲੋਕਾਂ ਨੇ ਜਾਂਚ ਚੌਕੀ ’ਤੇ ਹਮਲਾ ਕੀਤਾ। ਹਾਲਾਂਕਿ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਸ ਦੌਰਾਨ ਸੂਬਾਈ ਰਾਜਧਾਨੀ ਕਵੇਟਾ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ ਦੇਰ ਸ਼ਾਮ ਛਾਉਣੀ ਖੇਤਰ ਵਿੱਚ ਜ਼ਬਰਦਸਤੀ ਦਾਖਲ ਹੋਣ ਲਈ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਿਹਾ ਕਿ ਵਿਅਕਤੀ ਨੂੰ ਛਾਉਣੀ ਖੇਤਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਰੁਕਣ ਅਤੇ ਆਪਣੀ ਪਛਾਣ ਦੱਸਣ ਲਈ ਕਿਹਾ ਗਿਆ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ੱਕੀ ਦੀ ਪਛਾਣ ਈਸਾ ਖਾਨ ਵਜੋਂ ਹੋਈ ਹੈ।