ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1512

ਜਦੋਂ ਬੁੱਧ ਅਤੇ ਬੋਧ ਪੜਾਉਣ ਵਾਲੇ ਅਧਿਆਪਕ ਆਪਣੇ ਹੋਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੰਦੇ ਹਨ ਤਾਂ ਉਹ ਅਕਸਰ ਇਹ ਦੱਸਦੇ ਹਨ ਕਿ ਇੱਕ ਸ਼ਾਂਤ ਹਨੇਰੇ ਕਮਰੇ ‘ਚ, ਜਿੱਥੇ ਅੰਧਕਾਰ ਨੂੰ ਕੇਵਲ ਸੁਗੰਧੀ ਵਾਲੀ ਇੱਕ ਛੋਟੀ ਜਿਹੀ ਮੋਮਬੱਤੀ ਚੀਰ ਰਹੀ ਹੋਵੇ, ਬੈਠ ਕੇ ਹੀ ਅਸੀਂ ਮੁਕੰਮਲ ਤੌਰ ‘ਤੇ ਸ਼ਾਂਤ ਅਵਸਥਾ ‘ਚ ਦਾਖ਼ਲ ਹੋ ਸਕਦੇ ਹਾਂ। ਜੇਕਰ ਅਸੀਂ ਅਜਿਹਾ ਮਾਹੌਲ ਸਿਰਜ ਸਕੀਏ ਤਾਂ ਬਹੁਤ ਵਧੀਆ, ਪਰ ਸਾਡੇ ‘ਚੋਂ ਬਹੁਤਿਆਂ ਨੂੰ ਸ਼ਾਂਤੀ ਅਤੇ ਅਮਨ ਹਾਸਿਲ ਕਰਨ ਦੀ ਆਪਣੀ ਸਭ ਤੋਂ ਵੱਡੀ ਲੋੜ ਦਾ ਅਹਿਸਾਸ ਰੋਜ਼ਾਨਾ ਦੀ ਭੀੜ, ਹਲਚਲ, ਭੱਜਦੌੜ ਅਤੇ ਤਨਾਅ ਦੇ ਵਿਚਕਾਰ ਜਾ ਕੇ ਹੀ ਹੁੰਦਾ ਹੈ। ਦਬਾਅ ਦੇ ਸਰੋਤ ਤੋਂ ਬਚਣ ਦਾ ਸ਼ਾਇਦ ਕੋਈ ਸਪੱਸ਼ਟ ਤਰੀਕਾ ਨਾ ਹੋਵੇ, ਪਰ ਤਰੱਕੀ ਦੀ ਭਾਵਨਾ, ਇੱਥੋਂ ਤਕ ਕਿ ਇੱਕ ਸਾਕਾਰਾਤਮਕ ਤਬਦੀਲੀ, ਫ਼ਿਰ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
ਕੀ ਤੁਸੀਂ ਆਪਣੀ ਕਿਸਮਤ ਨੂੰ ਕੁਝ ਜ਼ਿਆਦਾ ਦੂਰ ਨਹੀਂ ਧੱਕ ਰਹੇ? ਇਹ ਪਤਾ ਕਰਨ ਦਾ ਇੱਕ ਹੀ ਤਰੀਕਾ ਹੈ। ਉਸ ਨੂੰ ਧੱਕਣਾ ਬੰਦ ਕਰੋ ਅਤੇ ਫ਼ਿਰ ਦੇਖੋ ਕੀ ਹੁੰਦਾ ਹੈ। ਤੁਸੀਂ ਹੁਣ ਕੋਈ ਵਿਸ਼ੇਸ਼ ਨਤੀਜਾ ਪ੍ਰਾਪਤ ਕਰਨ ਲਈ ਬਹੁਤ ਉਤਸੁਕ ਹੋ। ਤੁਸੀਂ ਚਾਹੁੰਦੇ ਹੋ ਕਿ ਚੀਜ਼ਾਂ ਇੱਕ ਖ਼ਾਸ ਢੰਗ ਨਾਲ ਵਾਪਰਣ। ਤੁਸੀਂ, ਸਿਆਣਪ ਦੇ ਦਾਇਰੇ ਅੰਦਰ ਰਹਿੰਦੇ ਹੋਏ, ਲਗਭਗ ਉਹ ਸਭ ਕੁਝ ਕਰਨ ਲਈ ਤਿਆਰ ਹੋ ਜੋ ਮਦਦਗਾਰ ਸਾਬਿਤ ਹੋ ਸਕਦਾ ਹੋਵੇ। ਪਰ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਜੋ ਅਸਲ ‘ਚ ਕਰਨ ਦੀ ਲੋੜ ਹੈ, ਉਹ ਹੈ ਕੁਝ ਨਾ ਕਰਨ ਦੀ। ਕਿਸੇ ਖ਼ਾਸ ਸਥਿਤੀ ਨੂੰ ਉਸ ਦੇ ਹਾਲ ‘ਤੇ ਇਕੱਲਿਆਂ ਛੱਡ ਦਿਓ ਅਤੇ ਫ਼ਿਰ ਦੇਖੋ ਊਠ ਕਿਸ ਕਰਵਟ ਬੈਠਦੈ। ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਜਿੰਨੀ ਜ਼ਿਆਦਾ ਤੁਸੀਂ ਦਖ਼ਲਅੰਦਾਜ਼ੀ ਕਰਦੇ ਹੋ, ਓਨੀ ਹੀ ਜ਼ਿਆਦਾ ਤੁਸੀਂ ਇੱਕ ਅਜਿਹੀ ਪ੍ਰਕਿਰਿਆ ‘ਚ ਰੁਕਾਵਟ ਪਾਉਂਦੇ ਹੋ ਜੋ ਅਸਲ ਵਿੱਚ ਤੁਹਾਡੇ ਹੱਕ ‘ਚ ਕੰਮ ਕਰ ਰਹੀ ਹੈ!
ਆਪਣੀਆਂ ਯੋਜਨਾਵਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰੋ। ਅਜਿਹਾ ਨਹੀਂ ਕਿ ਉਨ੍ਹਾਂ ਦੇ ਗ਼ਲਤ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ; ਗੱਲ ਸਿਰਫ਼ ਇਹ ਹੈ ਕਿ ਜਦੋਂ ਤੁਸੀਂ ਉਨ੍ਹਾਂ ਨੂੰ ਬਣਾਇਆ ਸੀ, ਚੀਜ਼ਾਂ ਵੱਖਰੀਆਂ ਸਨ। ਵੱਖੋ-ਵੱਖਰੀਆਂ ਲੋੜਾਂ ਦੀ ਅਪੂਰਤੀ ਤੁਹਾਡੀਆਂ ਚੋਣਾਂ ਅਤੇ ਤਰਜੀਹਾਂ ਨੂੰ ਨਿਰਧਾਰਿਤ ਕਰ ਰਹੀ ਸੀ। ਪਹਿਲਾਂ ਹੀ, ਇਹ ਸਪੱਸ਼ਟ ਹੋ ਰਿਹਾ ਹੈ ਕਿ ਜਿੰਨਾ ਤੁਸੀਂ ਸੋਚਦੇ ਸੀ, ਹੁਣ ਤੁਸੀਂ ਉਸ ਨਾਲੋਂ ਕਿਤੇ ਬਿਹਤਰ ਸਥਿਤੀ ‘ਚ ਹੋ। ਜਲਦੀ ਹੀ, ਤੁਹਾਡੇ ਕੋਲ ਹੋਰ ਬਹੁਤ ਸਾਰੇ ਮਾਮਲਿਆਂ ‘ਤੇ ਮੁੜ ਵਿਚਾਰ ਕਰਨ ਦੇ ਕਈ ਕਾਰਨ ਹੋਣਗੇ। ਤੁਹਾਡੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਤੁਹਾਡਾ ਡਰ ਝੂਠਾ ਸਾਬਿਤ ਹੋ ਰਿਹਾ ਹੈ। ਇਸ ਲਈ, ਜੇ ਤੁਸੀਂ ਅਜੇ ਵੀ ਇਹ ਮਹਿਸੂਸ ਕਰਦੇ ਹੋ ਕਿ ਉਹ ਕਰਨਾ ਉਚਿਤ ਹੈ ਤਾਂ ਓਹੀ ਕਰੋ ਜੋ ਤੁਸੀਂ ਕਰਨ ਦਾ ਇਰਾਦਾ ਰੱਖਦੇ ਹੋ। ਪਰ ਜਿੰਨਾ ਤੁਸੀਂ ਸੋਚਦੇ ਸੀ, ਤੁਹਾਨੂੰ ਉਸ ਤੋਂ ਅੱਧਾ ਵੀ ਕਰਨ ਦੀ ਲੋੜ ਨਹੀਂ।
ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਕੀ ਸੱਚਮੁੱਚ ਅਸੀਂ ਕੋਈ ਫ਼ਰਕ ਪਾ ਸਕਦੇ ਹਾਂ? ਜਾਂ ਫ਼ਿਰ ਕੀ ਅਸੀਂ ਉਨ੍ਹਾਂ ਬੱਚਿਆਂ ਵਾਂਗ ਹਾਂ ਜਿਹੜੇ ਮੇਲਿਆਂ ਦੇ ਮੈਦਾਨਾਂ ‘ਚ ਗੋਲ ਚੱਕਰ ‘ਚ ਘੁੰਮਣ ਵਾਲੀਆਂ ਖਿਡੌਣਾ ਕਾਰਾਂ ਦੀ ਸਵਾਰੀ ਕਰਦੇ ਹਨ? ਆਪਣੇ ਕਾਲਪਨਿਕ ਐਕਸਲੇਟਰ ਨੂੰ ਦਬਾਉਂਦੇ ਹਨ ਜਾਂ ਬ੍ਰੇਕ ਵਰਗੀ ਦਿਖਣ ਵਾਲੀ ਕਿਸੇ ਨਕਲੀ ਬ੍ਰੇਕ ‘ਤੇ ਜ਼ੋਰ ਦੀ ਪੈਰ ਮਾਰਦੇ ਹਨ। ਕਈ ਵਾਰ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਾਡੀਆਂ ਕਾਰਵਾਈਆਂ ਦਾ ਪ੍ਰਭਾਵ ਪੈ ਰਿਹੈ, ਅਤੇ ਜੇ ਅਸੀਂ ਸਿਰਫ਼ ਸਥਿਰ ਬੈਠੇ ਰਹੇ ਤਾਂ ਚੀਜ਼ਾਂ ਓਹੋ ਜਿਹੀਆਂ ਹੀ ਰਹਿਣਗੀਆਂ ਜਿਹੋ ਜਿਹੀਆਂ ਉਹ ਇਸ ਵਕਤ ਹਨ। ਹੁਣ ਮੈਂ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਤੁਸੀਂ ਸ਼ਕਤੀਹੀਣ ਹੋ। ਪਰ ਜੇ ਤੁਸੀਂ ਸਫ਼ਲਤਾ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਊਰਜਾ ਨੂੰ ਵਿਅਰਥ ਦੀਆਂ ਚੀਜ਼ਾਂ ਦਾ ਪਿੱਛਾ ਕਰਨ ‘ਚ ਗੁਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣਾ ਸਭ ਕੁਝ ਇੱਕ ਸਾਰਥਕ ਕਾਰਨ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ। ਫ਼ਿਰ, ਤੁਸੀਂ ਅਸਲ ‘ਚ ਇੱਕ ਬਹੁਤ ਵੱਡਾ ਫ਼ਰਕ ਪਾਓਗੇ।
ਅਸੀਂ ਇੱਥੇ ਕੀ ਕਰ ਰਹੇ ਹਾਂ? ਸਾਡੇ ‘ਚੋਂ ਕੋਈ ਵੀ ਅਸਲ ‘ਚ ਇਸ ਦਾ ਉੱਤਰ ਨਹੀਂ ਜਾਣਦਾ – ਫ਼ਿਰ ਵੀ ਇਹ ਸਾਨੂੰ ਤਨਾਅ ਅਤੇ ਚਿੰਤਾ ਦਾ ਅਨੁਭਵ ਕਰਨ ਤੋਂ ਨਹੀਂ ਰੋਕਦਾ। ਅਸੀਂ ਕੁਝ ਵੀ ਗ਼ਲਤ ਕਰ ਬੈਠਣ ਬਾਰੇ ਬਹੁਤ ਚਿੰਤਾ ਕਰਦੇ ਹਾਂ – ਫ਼ਿਰ ਵੀ ਕੁਝ ਕੀਤੇ ਬਿਨਾ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਹੈ ਕਿ ਅਸੀਂ ਕੋਈ ਸ਼ੈਅ ਸਹੀ ਕਰ ਵੀ ਰਹੇ ਹਾਂ ਜਾਂ ਨਹੀਂ? ਅਸੀਂ ਦੌਲਤ ਦਾ ਪਿੱਛਾ ਕਰਦੇ ਹਾਂ – ਭਾਵੇਂ ਇਹ ਸਪੱਸ਼ਟ ਹੈ ਕਿ ਅਮੀਰ ਗ਼ਰੀਬਾਂ ਨਾਲੋਂ ਵਧੇਰੇ ਖ਼ੁਸ਼ ਨਹੀਂ ਹੁੰਦੇ। ਅਸੀਂ ਰੁਤਬਿਆਂ ਦੀ ਭਾਲ ਕਰਦੇ ਹਾਂ – ਭਾਵੇਂ ਇਹ ਸਪੱਸ਼ਟ ਹੈ ਕਿ ਕੁਝ ਮੂਰਖ ਲੋਕ ਵੀ ਵੱਡੇ ਅਤੇ ਅਧਿਕਾਰ ਵਾਲੇ ਅਹੁਦਿਆਂ ‘ਤੇ ਕਾਬਜ਼ ਹੋ ਜਾਂਦੇ ਹਨ। ਤੁਹਾਡੇ ਭਾਵਨਾਤਮਕ ਸੰਸਾਰ ‘ਚ ਵਾਪਰਣ ਵਾਲੀਆਂ ਘਟਨਾਵਾਂ ਤੁਹਾਨੂੰ ਜਲਦੀ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਦਿਖਾਉਣ ਅਤੇ ਸਮਝਾਉਣਗੀਆਂ ਕਿ ਜ਼ਿੰਦਗੀ ਦਾ ਅਸਲ ਅਰਥ ਕੀ ਹੈ। ਅਤੇ ਉਹ ਘਟਨਾਵਾਂ ਬੇਹੱਦ ਅਨਮੋਲ ਸਾਬਿਤ ਹੋਣਗੀਆਂ।