ਸ਼ਰਮੀਲਾ ਟੈਗੋਰ ਦਾ ਇਮਤਿਆਜ਼-ਏ-ਜਾਮੀਆ ਐਵਾਰਡ ਨਾਲ ਸਨਮਾਨ

ਉੱਘੀ ਅਦਾਕਾਰਾ ਸ਼ਰਮੀਲਾ ਟੈਗੋਰ ਨੂੰ ਜਾਮੀਆ ਮਿਲੀਆ ਇਸਲਾਮੀਆ (ਜੇਐੱਮਆਈ) ਯੂਨੀਵਰਸਿਟੀ ਦੇ ਸਰਬਉੱਚ ਔਨਰੇਰੀ ਐਵਾਰਡ ਇਮਤਿਆਜ਼-ਏ-ਜਾਮੀਆ ਨਾਲ ਨਿਵਾਜ਼ਿਆ ਗਿਆ। ਜਾਮੀਆ ਦੀ ਉਪ ਕੁਲਪਤੀ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਦੇ 103ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸ਼ਰਮੀਲਾ ਟੈਗੋਰ ਦਾ ਐਵਾਰਡ ਨਾਲ ਸਨਮਾਨ ਕੀਤਾ। ਸ਼ਰਮੀਲਾ ਨੂੰ ਹਿੰਦੀ ਸਿਨੇਮਾ ‘ਚ ਉਸ ਦੇ ਯੋਗਦਾਨ ਬਦਲੇ ਇਹ ਸਨਮਾਨ ਦਿੱਤਾ ਗਿਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੀ ਸ਼ਰਮੀਲਾ ਟੈਗੋਰ ਨੇ ਕਿਹਾ, ”ਮੈਂ ਜਿਸ ਪਲ ਯੂਨੀਵਰਸਿਟੀ ‘ਚ ਦਾਖ਼ਲ ਹੋਈ, ਇਹ ਮੇਰੇ ਲਈ ਭਾਵਨਾਤਮਕ ਸੀ। ਮੇਰਾ ਕੰਮ 60 ਸਾਲਾਂ ਤੋਂ ਲੋਕਾਂ ਦੀਆਂ ਨਜ਼ਰਾਂ ‘ਚ ਵਿਖਾਈ ਦਿੰਦਾ ਹੈ ਅਤੇ ਲੋਕਾਂ ਨੇ ਮੇਰੇ ਪ੍ਰਤੀ ਜੋ ਦਿਆਲਤਾ ਵਿਖਾਈ ਹੈ, ਉਸ ਨੂੰ ਵੇਖ ਦੇ ਦਿਲ ਖ਼ੁਸ਼ ਹੋ ਜਾਂਦਾ ਹੈ।” ਉਨ੍ਹਾਂ ਕਿਹਾ, ”ਮੈਂ ਸ਼ੁਕਰਗੁਜ਼ਾਰ ਹਾਂ ਕਿ ਜਾਮੀਆ ਮਿਲੀਆ ਦੀ ਪਹਿਲੀ ਮਹਿਲਾ ਉਪ ਕੁਲਪਤੀ ਨੇ ਮੈਨੂੰ ਸਨਮਾਨਤਿ ਕੀਤਾ ਹੈ।” ਇਸ ਦੌਰਾਨ ਸ਼ਰਮੀਲਾ ਟੈਗੋਰ ਨੇ ਅਖ਼ਤਰ ਅਤੇ ILBSਦੇ ਡਾਇਰੈਕਟਰ ਸ਼ਿਵ ਕੁਮਾਰ ਸਰੀਨ ਨਾਲ ਯੂਨੀਵਰਸਿਟੀ ਦੇ ਸ਼ਤਾਬਦੀ ਗੇਟ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਤਿੰਨਾਂ ਨੇ NCC ਵਿਦਿਆਰਥੀਆਂ ਦੀ ਮੌਜੁਦਗੀ ‘ਚ ਯੂਨੀਵਰਸਿਟੀ ਦਾ ਝੰਡਾ ਲਹਿਰਾਇਆ। ਦੱਸਣਯੋਗ ਹੈ ਕਿ ਇਮਤਿਆਜ਼-ਏ-ਜਾਮੀਆ JMI ਯੂਨੀਵਰਸਿਟੀ ਦਾ ਸਰਵਉੱਚ ਔਨਰੇਰੀ ਐਵਾਰਡ ਹੈ ਜਿਹੜਾ ਸਮਾਜ ਭਲਾਈ ‘ਚ ਯੋਗਦਾਨ ਦੇਣ ਵਾਲੇ ਭਾਰਤੀਆਂ ਨੂੰ ਦਿੱਤਾ ਜਾਂਦਾ ਹੈ। ਇਸ ਮੌਕੇ ਕਈ ਵਿਦਿਆਰਥੀਆਂ ਅਤੇ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਤਿ ਕੀਤਾ ਗਿਆ।