ਮੁੰਬਈ ਫ਼ਿਲਮ ਮੇਲੇ ਦਾ ਰੰਗਾਰੰਗ ਆਗ਼ਾਜ਼

ਦਸ ਰੋਜ਼ਾ ਜੀਓ ਮਾਮੀ ਮੁੰਬਈ ਫ਼ਿਲਮ ਫ਼ੈਸਟੀਵਲ 2023 ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨੀ ਸਮਾਗਮ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ‘ਚ ਹੋਇਆ ਜਿਸ ‘ਚ ਕਮਲ ਹਾਸਨ, ਮਣੀ ਰਤਨਮ ਅਤੇ ਪ੍ਰਿਯੰਕਾ ਚੋਪੜਾ ਨੇ ਵੀ ਸ਼ਿਰਕਤ ਕੀਤੀ। ਇਹ ਫ਼ਿਲਮ ਮੇਲਾ ਤਿੰਨ ਸਾਲਾਂ ਦੇ ਵਕਫ਼ੇ ਮਗਰੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਫ਼ਿਲਮ ਨਿਰਮਾਤਾ ਕਰਨ ਜੌਹਰ, ਹੰਸਲ ਮਹਤਿਾ, ਵਿਸ਼ਾਲ ਭਾਰਦਵਾਜ ਅਤੇ ਉਸ ਦੀ ਪਤਨੀ ਰੇਖਾ ਭਾਰਦਵਾਜ, ਜ਼ੋਇਆ ਅਖ਼ਤਰ ਅਤੇ ਨਿਰਮਾਤਾ ਏਕਤਾ ਕਪੂਰ ਸ਼ਾਮਿਲ ਹੋਏ। ਇਸ ਤੋਂ ਇਲਾਵਾ ਕਰੀਨਾ ਕਪੂਰ ਖਾਨ, ਸੈਫ਼ ਅਲੀ ਖਾਨ, ਰਾਜਕੁਮਾਰ ਰਾਓ, ਉਸ ਦੀ ਪਤਨੀ ਪੱਤਰਲੇਖਾ, ਭੂਮੀ ਪੇਡਨੇਕਰ, ਸੋਨਮ ਕਪੂਰ, ਕ੍ਰਿਸ਼ਮਾ ਕਪੂਰ, ਬਾਬਿਲ ਖ਼ਾਨ ਅਤੇ ਅਰਜੁਨ ਰਾਮਪਾਲ ਆਦਿ ਵੀ ਹਾਜ਼ਰ ਹੋਏ। ਮੁੰਬਈ ਫ਼ਿਲਮ ਮੇਲੇ ਦੀ ਚੇਅਰਪਰਸਨ ਪ੍ਰਿਯੰਕਾ ਚੋਪੜਾ ਇਸ ਸਮਾਗਮ ਨੂੰ ਲੈ ਕੇ ਕਾਫ਼ੀ ਖ਼ੁਸ਼ ਨਜ਼ਰ ਆਈ। ਇਸ ਮੌਕੇ ਕਰੀਨਾ ਦੀ ਫ਼ਿਲਮ ਦਾ ਬਕਿੰਘਮ ਮਰਡਰਜ਼ ਫ਼ੈਸਟੀਵਲ ਦੀ ਸ਼ੁਰੂਆਤੀ ਫ਼ਿਲਮ ਵਜੋਂ ਦਿਖਾਈ ਗਈ। ਇਸ ਦੌਰਾਨ ਮਣੀ ਰਤਨਮ ਅਤੇ ਲੂਕਾ ਗੁਆਡਾਗਨੀਨੋ ਨੂੰ ਸਿਨਮਾ ਦੀ ਦੁਨੀਆਂ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਐਕਸੀਲੈਂਸ ਇਨ ਸਿਨੇਮਾ ਐਵਾਰਡ ਨਾਲ ਸਨਮਾਨਤਿ ਕੀਤਾ ਗਿਆ। ਡਾਇਮੈਂਸ਼ਨਜ਼ ਮੁੰਬਈ ਗੋਲਡ ਐਵਾਰਡ ਲਘੂ ਫ਼ਿਲਮ ਨਾਈਟੈਂਗਲਜ਼ ਇਨ ਦਾ ਕੋਕੂਨ ਨੂੰ ਜਦ ਕਿ ਡਾਇਮੈਂਸ਼ਨਜ਼ ਮੁੰਬਈ ਸਿਲਵਰ ਐਵਾਰਡ ਹਾਫ਼ਵੇਅ ਨੂੰ ਦਿੱਤਾ ਗਿਆ। ਪ੍ਰਕਾਸ਼ ਮੁਗਦਮ ਦੀ ਮਹਾਤਮਾ ਔਨ ਸੈਲੂਲੌਇਡ: ਆ ਸਿਨੇਮੈਟਿਕ ਬਾਇਓਗ੍ਰਾਫ਼ੀ ਨੂੰ ਬੁੱਕ ਔਨ ਸਿਨੇਮਾ ਐਵਾਰਡ ਦਿੱਤਾ ਗਿਆ। ਦੂਜੇ ਪਾਸੇ ਅਰੁਣਾ ਵਾਸੂਦੇਵ, ਨਸਰੀਨ ਮੁੰਨੀ ਕਬੀਰ ਅਤੇ ਉਮਾ ਡਾ ਕੁਨਹਾ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡਜ਼ ਦਿੱਤੇ ਗਏ।
ਪ੍ਰਿਯੰਕਾ ਪੁੱਜੀ ਭਾਰਤ
ਅਦਾਕਾਰਾ ਅਤੇ ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਜ਼ ਜੀਓ ਮਾਮੀ ਮੁੰਬਈ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ‘ਚ ਹਿੱਸਾ ਲੈਣ ਲਈ ਭਾਰਤ ਪੁੱਜ ਗਈ ਹੈ। ਇਹ ਫ਼ੈਸਟੀਵਲ 27 ਅਕਤੂਬਰ ਨੂੰ ਸ਼ੁਰੂ ਹੋ ਗਿਆ ਸੀ ਅਤੇ 5 ਨਵੰਬਰ ਤਕ ਚੱਲੇਗਾ। ਦੱਸਣਾ ਬਣਦਾ ਹੈ ਕਿ ਪ੍ਰਿਯੰਕਾ ਚੋਪੜਾ ਇਸ ਫ਼ਿਲਮ ਫ਼ੈਸਟੀਵਲ ਦੇ ਮੌਜੂਦਾ ਐਡੀਸ਼ਨ ਦੀ ਚੇਅਰਪਰਸਨ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਭਾਰਤ ਆਉਣ ਬਾਰੇ ਜਾਣਕਾਰੀ ਸਾਂਝੀ ਕੀਤੀ। 41 ਸਾਲਾ ਪ੍ਰਿਯੰਕਾ ਨੇ ਆਪਣੇ ਹੱਥ ‘ਚ ਭਾਰਤੀ ਪਾਸਪੋਰਟ ਅਤੇ ਬੋਰਡਿੰਗ ਪਾਸ ਦੀ ਫ਼ੋਟੋ ਸ਼ੇਅਰ ਕੀਤੀ ਹੈ ਜਿਸ ‘ਚ ਲਿਖਿਆ ਹੈ ਕਿ ਉਹ ਮੁੰਬਈ ਫ਼ੈਸਟੀਵਲ ‘ਚ ਸ਼ਾਮਿਲ ਹੋਣ ਲਈ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦੀ। ਇਸ ਫ਼ਿਲਮ ਫ਼ੈਸਟੀਵਲ ‘ਚ ਸ਼ੁਰੂਆਤੀ ਫ਼ਿਲਮ ਵਜੋਂ ਹੰਸਲ ਮਹਿਤਾ ਵਲੋਂ ਨਿਰਦੇਸ਼ਤਿ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਦਾ ਬਕਿੰਘਮ ਮਰਡਰਜ਼ ਦਿਖਾਈ ਜਾਵੇਗੀ। ਜ਼ਿਕਰਯੋਗ ਹੈ ਕਿ ਜੀਓ ਮਾਮੀ ਮੁੰਬਈ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਤਿੰਨ ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋ ਰਿਹਾ ਹੈ। ਇਸ ਫ਼ਿਲਮ ਫ਼ੈਸਟੀਵਲ ‘ਚ ਦੱਖਣੀ ਏਸ਼ੀਆ ਦੀਆਂ 250 ਤੋਂ ਵੱਧ ਸਮਕਾਲੀ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਅਨੁਸਾਰ ਇਸ ਫ਼ੈਸਟੀਵਲ ‘ਚ 40 ਤੋਂ ਵੱਧ ਵਿਸ਼ਵ ਪ੍ਰੀਮੀਅਰਜ਼, 45 ਏਸ਼ੀਅਨ ਪ੍ਰੀਮੀਅਰਜ਼, 70 ਦੱਖਣੀ ਏਸ਼ੀਆ ਪ੍ਰੀਮੀਅਰਜ਼ ਹੋਣਗੇ।