ਸੋਨੀਪਤ ‘ਚ ਗੈਂਗਵਾਰ, ਬੰਬੀਹਾ ਗੈਂਗ ਦੇ ਸ਼ੂਟਰ ਦੀਪਕ ਮਾਨ ਦਾ ਗੋਲ਼ੀਆਂ ਮਾਰ ਕੇ ਕਤਲ

ਨੈਸ਼ਨਲ ਡੈਸਕ : ਹਰਿਆਣਾ ਦੇ ਸੋਨੀਪਤ ਤੋਂ ਗੈਂਗਵਾਰ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੰਬੀਹਾ ਗੈਂਗ ਦੇ ਸ਼ੂਟਰ ਦੀਪਕ ਮਾਨ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਗੋਲ਼ੀਆਂ ਨਾਲ ਵਿੰਨ੍ਹੀ ਲਾਸ਼ ਸੋਨੀਪਤ ਦੇ ਹਰਸਾਣਾ ਪਿੰਡ ਤੋਂ ਬਰਾਮਦ ਹੋਈ ਹੈ। ਦੀਪਕ ਮਾਨ ਫਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਦਾ ਬਦਨਾਮ ਗੈਂਗਸਟਰ ਸੀ। ਉਸ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਸਮੇਤ ਇਕ ਦਰਜਨ ਗੰਭੀਰ ਮਾਮਲੇ ਦਰਜ ਹਨ। ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਸੋਨੀਪਤ ਸਦਰ ਥਾਣਾ ਪੁਲਸ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਨੀਪਤ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਸ਼ੂਟਰ ਦੀਪਕ ਮਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਲਿਖਿਆ ਕਿ ਅਸੀਂ ਬੰਬੀਹਾ ਗੈਂਗ ਦੇ ਇਕ ਹੋਰ ਗੈਂਗਸਟਰ ਨੂੰ ਮਾਰ ਦਿੱਤਾ, ਜਿਸ ਤਰ੍ਹਾਂ ਸੁਖਦੂਲ ਸਿੰਘ ਸੁੱਖਾ ਨੂੰ ਕੈਨੇਡਾ ਵਿੱਚ ਮਾਰਿਆ, ਉਸੇ ਤਰ੍ਹਾਂ ਅਸੀਂ ਦੀਪਕ ਮਾਨ ਨੂੰ ਮਾਰ ਦਿੱਤਾ। ਦੀਪਕ ਮਾਨ ਨੇ ਸਾਡੇ ਭਰਾ ਗੁਰਲਾਲ ਬਰਾੜ ‘ਤੇ ਗੋਲ਼ੀ ਚਲਾਈ ਸੀ। ਉਸ ਦਾ ਕਤਲ ਕੀਤਾ ਸੀ। ਹੁਣ ਅਸੀਂ ਹਿਸਾਬ ਕਰ ਦਿੱਤਾ ਹੈ। ਅਸੀਂ ਇਕ-ਇਕ ਨੂੰ ਚੁਣ-ਚੁਣ ਕੇ ਮਾਰਾਂਗੇ। ਵੇਟ ਐਂਡ ਵਾਚ। ਦੀਪਕ ਮਾਨ ਦੀ ਲਾਸ਼ ਹਰਿਆਣਾ ਦੇ ਸੋਨੀਪਤ ਤੋਂ ਮਿਲੀ ਹੈ। ਦੀਪਕ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਸੀ, ਉਸ ਖ਼ਿਲਾਫ਼ ਕਈ ਮਾਮਲੇ ਦਰਜ ਸਨ।
2020 ‘ਚ ਹੋਇਆ ਸੀ ਗੋਲਡੀ ਦੇ ਭਰਾ ਦਾ ਕਤਲ
ਗੋਲਡੀ ਬਰਾੜ ਦੇ ਭਰਾ ਗੁਰਲਾਲ ਦਾ ਸਾਲ 2020 ਵਿੱਚ ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ ਸੀ। ਗੁਰਲਾਲ ਦੇ ਕਤਲ ਦਾ ਬਦਲਾ ਲੈਣ ਲਈ ਗੋਲਡੀ ਤੇ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਬੰਬੀਹਾ ਗੈਂਗ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਬੰਬੀਹਾ ਗੈਂਗ ਦੇ ਜ਼ਿਆਦਾਤਰ ਲੋਕ ਖਾਲਿਸਤਾਨੀ ਅੱਤਵਾਦੀਆਂ ਨਾਲ ਜੁੜੇ ਹੋਏ ਹਨ।