ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਦੇ ਸੂਬੇ ਦੀ ਜਨਤਾ ਲਈ ਵੱਡੇ ਐਲਾਨ

ਪਟਿਆਲਾ : ਮੁੱਖ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਾਤਾ ਕੁਸ਼ੱਲਿਆ ਜੀ ਹਸਪਤਾਲ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਇਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾ ਕਿਹਾ ਕਿ ਅੱਜ ਪੰਜਾਬ ਲਈ ਮਹੱਤਵਪੂਰਨ ਦਿਨ ਹੈ। ਅੱਜ ਗਾਂਧੀ ਜੀ ਦਾ ਜਨਮ ਦਿਵਸ ਹੈ, ਅਤੇ ਅੱਜ ਤੋਂ ਹੀ ਪੰਜਾਬ ਵਿਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿਹਤ ਕ੍ਰਾਂਤੀ ਦਾ ਮਤਲਬ ਜਦੋਂ ਅਸੀਂ ਚੋਣਾਂ ਲੜੀਆਂ ਸੀ ਤਾਂ ਗਾਰੰਟੀਆਂ ਦਿੱਤੀਆਂ ਸੀ, ਪਿਛਲੇ ਡੇਢ ਸਾਲ ਵਿਚ ਅਸੀਂ ਕਈ ਗਾਰੰਟੀਆਂ ਪੂਰੀਆਂ ਕੀਤੀਆਂ। ਸਾਡੀ ਗਾਰੰਟੀ ਸੀ ਕਿ ਜਨਤਾ ਦੇ ਪੂਰੇ ਇਲਾਜ ਦਾ ਖਰਚਾ ਸਰਕਾਰ ਕਰੇਗੀ। ਛੋਟੀ ਬਿਮਾਰੀ ਹੋਵੇ ਜਾਂ ਵੱਡੀ ਸਰਕਾਰੀ ਖੁਦ ਇਲਾਜ ਕਰਵਾਏਗੀ। ਇਸ ਗਾਰੰਟੀ ਨੂੰ ਵੀ ਪੂਰਾ ਕਰਨ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਉਂਝ ਤਾਂ ਡੇਢ ਸਾਲ ਪਹਿਲਾਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀ ਜਿਸ ਤਹਿਤ ਪੰਜਾਬ ਵਿਚ 664 ਮੁਹੱਲਾ ਕਲੀਨਿਕ ਬਣਵਾ ਦਿੱਤੇ ਗਏ ਹਨ। ਜਿਨ੍ਹਾਂ ਵਿਚ ਛੋਟੀ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕਾਂ ਵਿਚ ਸਾਰੀਆਂ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ, ਟੈਸਟ ਫ੍ਰੀ ਹਨ। ਹੁਣ ਪੂਰੇ ਪੰਜਾਬ ਵਿਚ ਮੁਹੱਲਾ ਕਲੀਨਿਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਕਿਸੇ ਨੂੰ ਵੱਡੀ ਬਿਮਾਰੀ ਹੋ ਜਾਵੇ ਤਾਂ ਉਹ ਕਿੱਥੇ ਜਾਵੇਗਾ, ਉਸ ਦਾ ਇਲਾਜ ਮੁਹੱਲਾ ਕਲੀਨਿਕ ਵਿਚ ਨਹੀਂ ਹੋ ਸਕਦਾ।
ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ
ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਹਨ, ਜ਼ਿਲ੍ਹਾ ਹਸਪਤਾਲਾਂ ਵਿਚ ਆਈ. ਸੀ. ਯੂ. ਤੱਕ ਨਹੀਂ ਹਨ, ਤਿੰਨ ਚਾਰ ਮੈਡੀਕਲ ਕਾਲਜ ਹਨ ਜਿਨ੍ਹਾਂ ਵਿਚ ਆਈ. ਸੀ. ਯੂ. ਦੀ ਸਹੂਲਤ ਹੈ, ਇਸ ਲਈ ਲੋਕ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾ ਕੇ ਬਰਬਾਦ ਹੋ ਰਹੇ ਪਰ ਹੁਣ ਅਜਿਹਾ ਨਹੀਂ ਹੋਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਵੱਡੇ ਹਸਪਤਾਲ ਵਿਚ ਜਿਹੋ ਜਿਹਾ ਇਲਾਜ ਹੁੰਦਾ ਹੈ, ਇਥੇ ਵੀ ਅਜਿਹਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 40 ਸਰਕਾਰੀ ਹਸਪਤਾਲ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਆਈ. ਸੀ. ਯੂ. ਦੀ ਸਹੂਲਤ ਹੋਵੇਗੀ, ਆਪ੍ਰੇਸ਼ਨ ਥੀਏਟਰ ਹੋਣਗੇ। ਇਨ੍ਹਾਂ ਹਸਪਤਾਲਾਂ ਵਿਚ ਵੱਡੇ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਹੂਲਤਾਂ ਮਿਲਣਗੀਆਂ। ਇਥੇ ਸਾਰੀਆਂ ਦਵਾਈਆਂ ਮੁਫਤ ਹੋਣਗੀਆਂ, ਆਪ੍ਰੇਸ਼ਨ ਮੁਫਤ ਹੋਣਗੇ, ਭਾਵੇਂ 50 ਲੱਖ ਰੁਪਏ ਲੱਗ ਜਾਣ ਪਰ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ। ਇਸ ਲਈ ਭਗਵੰਤ ਮਾਨ ਸਰਕਾਰ ਨੇ 550 ਕਰੋੜ ਰੁਪਏ ਸੈਨਸ਼ਨ ਕੀਤੇ ਹਨ, ਜਿਨ੍ਹਾਂ ਰਾਹੀਂ ਅਤਿ ਆਧੁਨਿਕ ਹਸਪਤਾਲ ਤਿਆਰ ਕੀਤੇ ਜਾਣਗੇ।
ਸਿੱਖਿਆ ਪੱਧਰ ’ਚ ਆਈ ਕ੍ਰਾਂਤੀ
ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਪੱਧਰ ’ਤੇ ਪੰਜਾਬ ਵਿਚ ਕ੍ਰਾਂਤੀ ਆਈ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਵਿਚ ਸ਼ਾਨਦਾਰ ਸਰਕਾਰੀ ਸਕੂਲ ਬਣਾਇਆ ਗਿਆ ਹੈ। ਜੇ ਤੁਸੀਂ ਅੰਮ੍ਰਿਤਸਰ ਜਾਓ ਤਾਂ ਉਸ ਸਰਕਾਰੀ ਸਕੂਲ ਨੂੰ ਜ਼ਰੂਰ ਦੇਖ ਕੇ ਆਇਓ। ਮੈਂ ਚੈਲੰਜ ਕਰਦਾ ਹਾਂ ਕਿ ਕੋਈ ਪ੍ਰਾਈਵੇਟ ਸਕੂਲ ਇੰਨਾ ਸ਼ਾਨਦਾਰ ਨਹੀਂ ਹੋਵੇਗਾ, ਜਿਨਾਂ ਅੰਮ੍ਰਿਤਸਰ ਦੇ ਸਰਕਾਰੀ ਸਕੂਲ ਨੂੰ ਸ਼ਾਨਦਾਰ ਬਣਾਇਆ ਗਿਆ ਹੈ। ਇਸੇ ਤਰਜ਼ ’ਤੇ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਠੀਕ ਕੀਤੇ ਜਾਣਗੇ। ਥੋੜਾ ਸਮਾਂ ਲੱਗੇਗਾ ਪਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗਾ, ਜਿਸ ਨਾਲ ਲੋਕ ਪ੍ਰਾਈਵੇਟ ਸਕੂਲਾਂ ਵਿਚੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਹਤ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਸ਼ੁਰੂ ਹੋਈ ਹੈ।
ਡੇਢ ਸਾਲ ’ਚ ਉਹ ਕਰ ਵਿਖਾਇਆ ਜੋ ਦੂਜੀਆਂ ਪਾਰਟੀਆਂ 70 ਸਾਲਾਂ ’ਚ ਨਹੀਂ ਕਰ ਸਕੀਆਂ
ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਸੱਤਾ ਵਿਚ ਆਏ ਅਜੇ ਸਿਰਫ ਡੇਢ ਸਾਲ ਹੋਏ ਹਨ। ਭਗਵੰਤ ਮਾਨ ਸਕਾਰ ਨੇ ਡੇਢ ਸਾਲ ਵਿਚ ਉਹ ਕਰਵਾਇਆ ਜੋ ਦੂਜੀਆਂ ਸਿਆਸੀ ਪਾਰਟੀਆਂ 75 ਸਾਲਾਂ ਵਿਚ ਨਹੀਂ ਕਰ ਸਕੀਆਂ। ਇਹ ਇਸ ਲਈ ਨਹੀਂ ਕਰ ਸਕੇ ਕਿਉਂਕਿ ਇਨ੍ਹਾਂ ਦੀ ਨੀਅਤ ਖਰਾਬ ਸੀ। ਪਹਿਲਾਂ ਪੰਜਾਬ ਨੂੰ ਭ੍ਰਿਸ਼ਟਾਚਾਰ ਦੇ ਨਾਂ ’ਤੇ ਜਾਣਿਆ ਜਾਂਦਾ ਸੀ ਪਰ ਹੁਣ ਸਾਰੇ ਭ੍ਰਿਸ਼ਟਾਚਾਰੀ ਜੇਲ੍ਹਾਂ ਵਿਚ ਡੱਕੇ ਜਾ ਰਹੇ। ਹੁਣ ਪੰਜਾਬ ਬਦਲ ਰਿਹਾ। ਪਹਿਲਾਂ ਸਰਕਾਰੀ ਦਫਤਰਾਂ ਵਿਚ ਕੰਮ ਕਰਨ ਬਦਲੇ ਪੈਸੇ ਲਏ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ।
ਇਕ ਹੋਰ ਸਕੀਮ ਸ਼ੁਰੂ ਕਰਨ ਜਾ ਰਹੀ ਭਗਵੰਤ ਮਾਨ ਸਰਕਾਰ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਦਰਜ਼ ’ਤੇ ਭਗਵੰਤ ਮਾਨ ਸਰਕਾਰ ਇਕ ਹੋਰ ਕੰਮ ਸ਼ੁਰੂ ਕਰਨ ਜਾ ਰਹੀ ਹੈ। ਹੁਣ ਸਰਕਾਰੀ ਦਫਤਰਾਂ ਵਿਚ ਕੰਮ ਕਰਵਾਉਣ ਲਈ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਜੇ ਕਿਸੇ ਨੇ ਕੋਈ ਕੰਮ ਕਰਵਾਉਣਾ ਹੈ ਤਾਂ ਇਕ ਨਬੰਰ ਦਿੱਤਾ ਜਾਵੇਗਾ, ਉਸ ਨੰਬਰ ’ਤੇ ਕਾਲ ਕਰੋ ਅਤੇ ਆਪਣਾ ਕੰਮ ਦੱਸੋ, ਜਿਹੜਾ ਕੰਮ ਕਹੋਗੇ, ਸਰਕਾਰੀ ਦਫਤਰ ਘਰ ਆਉਣਗੇ ਅਤੇ ਤੁਹਾਡਾ ਕੰਮ ਹੋ ਜਾਵੇਗਾ। ਡੋਰ ਸਟੈੱਪ ਡਿਲੀਵਰ ਆਫ ਸਰਵੀਸਿਜ਼ ਦੇ ਤਹਿਤ ਇਹ ਸਕੀਮ ਸ਼ੁਰੂ ਕੀਤੀ ਜਾਵੇਗੀ। ਲੋਕਾਂ ਦਾ ਕੰਮ ਘਰ ਆ ਕੇ ਕੀਤਾ ਜਾਵੇਗਾ।
ਵਿਦੇਸ਼ਾਂ ਤੋਂ ਇੰਡਸਟਰੀ ਕਰ ਰਹੀ ਪੰਜਾਬ ਵੱਲ ਰੁਖ਼
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਇੰਡਸਟਰੀ ਪੰਜਾਬ ਛੱਡ ਕੇ ਜਾ ਰਹੀ ਸੀ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਿਚੋਂ ਉਦਯੋਗ ਪਲਾਇਨ ਕਰ ਰਿਹਾ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਕੱਲ੍ਹ ਨੀਦਰਲੈਂਡ ਵਰਗੇ ਅਮੀਰ ਦੇਸ਼ ਤੋਂ ਇਕ ਕੰਪਨੀ ਪੰਜਾਬ ਆਈ, ਜਿਸ ਨੇ ਭਾਰਤ ਵਿਚ ਪਹਿਲੀ ਫੈਕਟਰੀ ਲਗਾਈ ਹੈ, ਉਹ ਪਹਿਲੀ ਫੈਕਟਰੀ ਰਾਜਪੁਰਾ ਵਿਚ ਲਗਾਈ ਗਈ। ਜਦੋਂ ਉਸ ਕੰਪਨੀ ਦੇ ਮਾਲਕ ਤੋਂ ਪੁੱਛਿਆ ਗਿਆ ਕਿ ਤੁਸੀਂ ਪੰਜਾਬ ਨੂੰ ਕਿਉਂ ਚੁਣਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਮਿਲਿਆ ਮੈਨੂੰ ਬਹੁਤ ਚੰਗੇ ਇਨਸਾਨ ਲੱਗੇ, ਇਥੋਂ ਦੇ ਅਫਸਰ ਵੀ ਮਦਦਗਾਰ ਲੱਗੇ, ਇਸ ਲਈ ਇਥੇ ਫੈਕਟਰੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਹੋਰ ਜਰਮਨੀ ਦੀ ਕੰਪਨੀ ਪੰਜਾਬ ਆਉਣ ਜਾ ਰਹੀ ਹੈ, ਪੂਰੀ ਦੁਨੀਆ ਵਿਚ ਕੰਪਨੀਆਂ ਪੰਜਾਬ ਵਿਚ ਆ ਰਹੀਆਂ, ਇਕ ਸਮੇਂ ਵਿਚ ਪੰਜਾਬ ਬਦਨਾਮ ਸੀ ਪਰ ਅੱਜ ਪੰਜਾਬ ਦੀ ਚਾਰੇ ਪਾਸੇ ਚਰਚਾ ਹੈ। ਪਿਛਲੇ ਇਕ ਮਹੀਨੇ ਵਿਚ 50 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਹੋਈ ਹੈ। ਪਹਿਲਾਂ ਪੰਜਾਬ ਦੀ ਕਾਨੂੰਨ ਵਿਵਸਥਾ ਡਗਮਗਾ ਗਈ ਸੀ, ਗੈਂਗਸਟਰਵਾਦ ਸੀ ਪਰ ਹੁਣ ਕਾਨੂੰਨ ਵਿਵਸਥਾ ਕਾਬੂ ਵਿਚ ਹੈ।