854 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼, ਲੋਕਾਂ ਨੇ ਕੀਤਾ ਸੀ 10 ਲੱਖ ਤੱਕ ਦਾ ਨਿਵੇਸ਼

ਬੈਂਗਲੁਰੂ – ਬੈਂਗਲੁਰੂ ਪੁਲਸ ਨੇ 854 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਘਪਲੇ ਦਾ ਪਰਦਾਫਾਸ਼ ਕਰ ਕੇ ਇਕ ਨਿਵੇਸ਼ ਯੋਜਨਾ ਦੀ ਆੜ ‘ਚ ਦੇਸ਼ ਭਰ ਤੋਂ ਹਜ਼ਾਰਾਂ ਲੋਕਾਂ ਨੂੰ ਠੱਗਣ ਦੇ ਦੋਸ਼ ‘ਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਠੱਗੀ ਦੀ ਕੁੱਲ ਰਕਮ ‘ਚੋਂ 5 ਕਰੋੜ ਰੁਪਏ ਜ਼ਬਤ ਕਰ ਲਏ ਗਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ, ਗਿਰੋਹ ਨੇ ਪੀੜਤਾਂ ਨੂੰ ਵਟਸਐੱਪ ਅਤੇ ਟੈਲੀਗ੍ਰਾਮ ਰਾਹੀਂ ਆਪਣੇ ਜਾਲ ‘ਚ ਫਸਾਇਆ। ਸ਼ੁਰੂਆਤ ‘ਚ ਉਨ੍ਹਾ ਨੂੰ ਇਹ ਕਹਿ ਕੇ 1000 ਰੁਪਏ ਤੋਂ 10 ਹਜ਼ਾਰ ਰੁਪਏ ਦਾ ਨਿਵੇਸ਼ ਕਰਨ ਲਈ ਕਿਹਾ ਗਿਆ ਕਿ ਇਸ ਨਾਲ ਉਨ੍ਹਾਂ ਨੂੰ ਹਰ ਦਿਨ 1 ਹਜ਼ਾਰ ਰੁਪਏ ਤੋਂ 5 ਹਜ਼ਾਰ ਰੁਪਏ ਦਾ ਮੁਨਾਫ਼ਾ ਹੋਵੇਗਾ।
ਅਧਿਕਾਰੀ ਅਨੁਸਾਰ, ਹਜ਼ਾਰਾਂ ਪੀੜਤਾਂ ਨੇ ਇਕ ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਜਾਂ ਉਸ ਤੋਂ ਵੱਧ ਦੀ ਰਾਸ਼ੀ ਨਿਵੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤਾਂ ਵਲੋਂ ਨਿਵੇਸ਼ ਕੀਤੇ ਗਏ ਪੈਸੇ ਆਨਲਾਈਨ ਭੁਗਤਾਨ ਰਾਹੀਂ ਵੱਖ-ਵੱਖ ਬੈਂਕ ਖਾਤਿਆਂ ‘ਚ ਭੇਜੇ ਗਏ ਅਤੇ ਨਿਵੇਸ਼ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਦੋਂ ਪੀੜਤ ਪੈਸੇ ਕੱਢਵਾਉਣ ਦੀ ਕੋਸ਼ਿਸ਼ ਕਰਦੇ ਤਾਂ ਉਨ੍ਹਾਂ ਨੂੰ ਕਦੇ ਵਾਪਸ ਪੈਸਾ ਨਹੀਂ ਮਿਲਦਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੈਸੇ ਮਿਲਣ ਤੋਂ ਬਾਅਦ ਦੋਸ਼ੀ ਉਸ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਖਾਤਿਆਂ ‘ਚ ਭੇਜ ਦਿੰਦੇ। ਉਨ੍ਹਾਂ ਦੱਸਿਆ ਕਿ ਕੁੱਲ 854 ਕਰੋੜ ਰੁਪਏ ਦੀ ਧਨਰਾਸ਼ੀ ਕ੍ਰਿਪਟੋ ਕਰੰਸੀ (ਬਾਈਨੈਂਸ), ਪੇਮੈਂਟ ਗੇਟਵੇ, ਗੇਮਿੰਗ ਐਪ ਰਾਹੀਂ ਵੱਖ-ਵੱਖ ਆਨਲਾਈਨ ਭੁਗਤਾਨ ਮਾਧਿਅਮਾਂ ਨਾਲ ਭੇਜੀ ਗਈ।