ਪੰਜਾਬੀ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਕਰਨ ਦੇ ਦੋਸ਼ ’ਚ ਕਥਾਵਾਚਕ ਗ੍ਰਿਫ਼ਤਾਰ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵਰਿੰਦਾਵਨ ਥਾਣੇ ਦੀ ਪੁਲਸ ਨੇ ਇੱਥੋਂ ਦੇ ਇਕ ਸਥਾਨਕ ਕਥਾਵਾਚਕ ਨੂੰ ਪੰਜਾਬ ਦੀ ਰਹਿਣ ਵਾਲੀ ਮੁਟਿਆਰ ਨੂੰ ਵਿਆਹ ਕਰਨ ਅਤੇ ਕਥਾਵਾਚਕ ਬਣਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਮੁਟਿਆਰ (ਘਟਨਾ ਵੇਲੇ ਨਾਬਾਲਗ) ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕਰਨ ਵਾਲੇ ਵਰਿੰਦਾਵਨ ਦੇ ਵਾਸੀ ਕਥਾਵਾਚਕ ਗੋਵਿੰਦ ਵੱਲਭ ਸ਼ਾਸਤਰੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਟਿਆਰ ਨੇ ਦੋਸ਼ ਲਾਇਆ ਕਿ ਉਹ ਮੁਲਜ਼ਮ ਨੂੰ 9 ਅਗਸਤ 2011 ਨੂੰ ਮਿਲੀ ਸੀ ਅਤੇ ਉਸ ਵੇਲੇ ਕਥਾਵਾਚਕ ਨੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਸਨ। ਉਸ ਵੇਲੇ ਪੀੜਤਾ 17 ਸਾਲ ਦੀ ਸੀ। ਜਦੋਂ ਪੀੜਤਾ ਨੇ ਸ਼ਾਸਤਰੀ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਕਥਾਵਾਚਕ ਬਣਾਉਣ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਇਸ ਤੋਂ ਬਾਅਦ 8 ਦਸੰਬਰ 2016 ਨੂੰ ਇਕ ਵਾਰ ਮੁੜ ਮੁਲਜ਼ਮ ਨੇ ਮੁਟਿਆਰ ਨਾਲ ਵਰਿੰਦਾਵਨ ’ਚ ਜਬਰ-ਜ਼ਿਨਾਹ ਕੀਤਾ ਅਤੇ ਉਸ ਤੋਂ ਬਾਅਦ ਨਾ ਤਾਂ ਕਥਾਵਾਚਕ ਦੀ ਸਿਖਲਾਈ ਦਿੱਤੀ ਅਤੇ ਨਾ ਹੀ ਉਸ ਨਾਲ ਵਿਆਹ ਕਰਵਾਇਆ। ਮੁਲਜ਼ਮ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।