ਹੁਣ ਇਸ ਪ੍ਰਸਿੱਧ ਅਦਾਕਾਰ ਨੇ ਛੱਡੀ ਭਾਜਪਾ

ਇੰਫਾਲ – ਮਸ਼ਹੂਰ ਮਣੀਪੁਰੀ ਅਦਾਕਾਰ ਰਾਜਕੁਮਾਰ ਸੋਮੇਂਦਰ ਨੇ ਵੀਰਵਾਰ ਨੂੰ ਰਾਜ ਸਰਕਾਰ ਦੁਆਰਾ ਚੱਲ ਰਹੇ ਜਾਤੀ ਟਕਰਾਅ ਅਤੇ ਦੋ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੋਮੇਂਦਰ ਨੂੰ ‘ਕਾਇਕੂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਲਗਭਗ 400 ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਨੇ ਭਾਜਪਾ ਦੀ ਸੂਬਾਈ ਇਕਾਈ ਦੀ ਲੀਡਰਸ਼ਿਪ ਨੂੰ ਅਸਤੀਫਾ ਸੌਂਪ ਦਿੱਤਾ, ਜਦੋਂ ਕਿ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਉਸ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਇਹ ਸੋਚ ਕੇ ਭਾਜਪਾ ‘ਚ ਸ਼ਾਮਲ ਹੋਇਆ ਸੀ ਕਿ ਪਾਰਟੀ ਆਪਣੀ ‘ਡਬਲ ਇੰਜਣ’ ਵਾਲੀ ਸਰਕਾਰ ਨਾਲ ਸਾਡੇ ਸੂਬੇ ‘ਚ ਇਕ ਮਹੱਤਵਪੂਰਨ ਬਦਲਾਅ ਲਿਆਵੇਗੀ। ਬੇਸ਼ੱਕ, ਇਹ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਅਗਵਾਈ ਵਿਚ ਸੈਰ-ਸਪਾਟੇ ਵਰਗੇ ਵੱਖ-ਵੱਖ ਖੇਤਰਾਂ ‘ਚ ਬਦਲਾਅ ਲਿਆਂਦਾ ਗਿਆ। ਇਸ ਗੱਲ ਨੂੰ ਧਿਆਨ ‘ਚ ਰੱਖਦਿਆਂ ਮੈਂ ਸੋਚਿਆ ਕਿ ਕੇਂਦਰੀ ਆਗੂ ਮੌਜੂਦਾ ਮੁੱਦੇ ’ਤੇ ਜਲਦੀ ਕਾਰਵਾਈ ਕਰਨਗੇ ਅਤੇ ਟਕਰਾਅ ਨੂੰ ਖ਼ਤਮ ਕਰਨਗੇ ਅਤੇ ਉਨ੍ਹਾਂ ’ਤੇ ਭਰੋਸਾ ਕੀਤਾ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਕੇਂਦਰੀ ਨੇਤਾਵਾਂ ਨੂੰ ਲੋਕਾਂ ਦੇ ਦੁੱਖ-ਦਰਦ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ ਹਨ।