ਸੰਗਰੂਰ ਦੇ ਪਿੰਡ ਘਨੌਰੀ ਕਲਾਂ ‘ਚ 12 ਪੇਂਡੂ ਲਾਇਬਰੇਰੀਆਂ ਦਾ ਉਦਘਾਟਨ ਕਰਨ ਪਹੁੰਚੇ CM ਮਾਨ, ਦਿੱਤੀ ਵਿਸ਼ੇਸ਼ ਸਹੂਲਤ

ਸੰਗਰੂਰ- ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਨੌਰੀ ਕਲਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 12 ਪੇਂਡੂ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਪਹੁੰਚੇ । ਇਸ ਦੌਰਾਨ ਮੁੱਖ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ । ਉਦਘਾਟਨ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦੇ ਦਿਨ 12 ਪੇਂਡੂ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਹੈ ਅਤੇ 16 ਹੋਰ ਲਾਇਬ੍ਰੇਰੀਆਂ ਤਿਆਰ ਹੋ ਰਹੀਆਂ ਹਨ।
ਇਸ ਦੌਰਾਨ ਪ੍ਰੋਗਰਾਮ ‘ਚ ਆਏ ਲੋਕਾਂ ਨੂੰ ਭਗਵੰਤ ਮਾਨ ਨੇ ਪ੍ਰਸ਼ਨ ਕੀਤਾ ਕਿ ‘ਆਪ’ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਕਿੰਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖੇ ਸਨ, ਜਿਸ ‘ਚ ਸਕੂਲਾਂ ਦਾ, ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਅਤੇ ਸਾਡੇ ਪੰਜਾਬ ਦੇ ਧੀਆਂ-ਪੁੱਤਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਸਰਕਾਰ ਬਣਨ ਤੋਂ ਪਹਿਲਾਂ ਸਭ ਨੇ ਸਿਰਫ਼ ਰੈਲੀਆਂ ਦੇਖੀਆਂ ਹੋਣਗੀਆਂ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਿੱਖਿਆ ਮੰਤਰੀ ਨੂੰ ਕਿਹਾ ਹੋਇਆ ਹੈ ਕਿ ਜਿੰਨੇ ਵੀ ਸਰਕਾਰੀ ਸਕੂਲਾਂ ਦੀ ਵਰਦੀਆਂ ਸਰਕਾਰ ਦਿੰਦੀ ਹੈ, ਉਹ ਵਰਦੀਆਂ ਜਿਹੜੇ ਪਿੰਡਾਂ ‘ਚ ਮਾਵਾਂ-ਭੈਣਾਂ ਸਿਲਾਈ ਕਰਨਾ ਜਾਣਦੀਆਂ ਹਨ, ਉਨ੍ਹਾਂ ਵੱਲੋਂ ਵਰਦੀ ਦੀ ਸਿਲਾਈ ਕੀਤੀ ਜਾਵੇਗੀ ਅਤੇ ਬਾਅਦ ‘ਚ ਹੀ ਸਕੂਲਾਂ ‘ਚ ਪਹੁੰਚਾਈਆਂ ਜਾਣਗੀਆਂ। ਇਸ ਕੰਮ ਨਾਲ ਹਰ ਘਰ ‘ਚ ਰੁਜ਼ਗਾਰ ਪ੍ਰਾਪਤ ਹੋਵੇਗਾ ਅਤੇ ਕਰੋੜਾਂ ਰੁਪਏ ਦਾ ਰੁਜ਼ਗਾਰ ਵੀ ਮਿਲੇਗਾ । ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਅਤੇ ਟ੍ਰੈਫ਼ਿਕ ਮਹਿਕਮੇ ‘ਚ ਵੀ ਇਹੀ ਨਿਯਮ ਲਾਗੂ ਕੀਤੇ ਜਾਣਗੇ। ਇਸ ਤਰ੍ਹਾਂ ਕਰਨ ਨਾਲ ਸਰਕਾਰ ਨੂੰ ਮਾਣ ਮਹਿਸੂਸ ਹੋਵੇ ਕਿ ਸਾਡੀਆਂ ਮਾਵਾਂ-ਭੈਣਾਂ ਵੀ ਕੰਮ ਕਰ ਰਹੀਆਂ ਹਨ, ਜੋ ਕਿ ਇਹ ਵੀ ਸਹਾਇਕ ਧੰਦੇ ਦਾ ਹਿੱਸਾ ਹੈ।
ਲਾਇਬ੍ਰੇਰੀ ਦੀ ਸਹੂਲਤਾਂ ਬਾਰੇ CM ਮਾਨ ਨੇ ਦਿੱਤੀ ਵਿਸ਼ੇਸ਼ ਜਾਣਕਾਰੀ
ਮਾਨ ਸਰਕਾਰ ਨੇ ਕਿਹਾ ਕਿ ਮੈਂ ਲਾਇਬ੍ਰੇਰੀਆਂ ਦੇਖ ਕੇ ਆਇਆ ਹਾਂ, ਬੁਹਤ ਹੀ ਸ਼ਾਨਦਾਰ ਲਾਇਬ੍ਰੇਰੀਆਂ ਤਿਆਰ ਕੀਤੀਆਂ ਗਈਆਂ ਹਨ। ਲਾਇਬ੍ਰੇਰੀ ‘ਚ 31 ਸੀਟਾਂ ਅਤੇ ਸੋਫ਼ੇ ਲਗੇ ਹੋਏ ਹਨ। ਇੰਨਾ ਹੀ ਨਹੀਂ ਲਾਇਬ੍ਰੇਰੀਆਂ ‘ਚ ਏ.ਸੀ., ਇਨਵਰਟਰ, ਵਾਈ-ਫ਼ਾਈ, ਸ਼ਾਨਦਾਰ ਬਾਥਰੂਮ ਤੇ CCTV ਕੈਮਰੇ ਵੀ ਲੱਗੇ ਹੋਏ ਹਨ। ਲਾਇਬ੍ਰੇਰੀਆਂ ‘ਚ ਹਰ ਇਕ ਵਿਸ਼ੇ ਦੀ ਕਿਤਾਬ ਹੋਵੇਗੀ ।
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ,ਅਧਿਆਪਕਾਂ ਅਤੇ ਨੌਕਰੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਖੁਸ਼ਹਾਲ ਬਣਾਵਾਂਗੇ ਅਤੇ ਇਸ ਧਰਤੀ ਦਾ ਚਿਰਾਗ ਪੰਜਾਬ ਦਾ ਨਾਂ ਰੋਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਖ਼ਾਜ਼ਨਾ ਲੁੱਟਿਆ ਹੈ, ਉਨ੍ਹਾਂ ਲੋਕਾਂ ਨੂੰ ਮੈਂ ਆਪਣੇ ਹੁੰਦੇ ਹੋਏ ਨਹੀਂ ਛੱਡਾਂਗਾ। ਦਿਨ-ਰਾਤ ਇਹ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਹਰ ਸਾਲ ਪੁਲਸ ਦੀਆਂ 2200 ਭਰਤੀਆਂ ਕਢਾਂਗੇ । ਜਿਸ ਨਾਲ ਲੋਕ ਖੇਡਾਂ ਨਾਲ ਜੁੜਣਗੇ ਅਤੇ ਨਸ਼ੇ ਤੋਂ ਦੂਰ ਰਹਿਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਏਸ਼ੀਆ ਖੇਡਾਂ ‘ਚ ਕਲੇਰਾਂ ਪਿੰਡ ਦੇ ਜਸਵਿੰਦਰ ਸਿੰਘ ਨੂੰ ਦੋ ਮੈਡਲ ਜਿੱਤਣ ‘ਤੇ ਉਸ ਦੇ ਪਿਤਾ ਜਗਦੇਵ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਗੋਲਡ ਮੈਡਲ ਵਾਲੇ ਨੂੰ 70 ਲੱਖ ਰੁਪਏ ਜਿੱਤਣ ‘ਤੇ ਇਨਾਮ ਵਜੋਂ ਦਿੱਤਾ ਜਾਵੇਗਾ।