ਕਿਸਾਨ ਜਥੇਬੰਦੀਆਂ ਦਾ ਰੇਲ ਰੋਕੂ ਪ੍ਰਦਰਸ਼ਨ ਦੂਜੇ ਦਿਨ ਵੀ ਰਿਹਾ ਜਾਰੀ

ਰੇਲਵੇ ਟਰੈਕ ਬੰਦ ਹੋਣ ਕਾਰਨ 90 ਰੇਲ ਗੱਡੀਆਂ ਹੋਈਆਂ ਪ੍ਰਭਾਵਿਤ
ਚੰਡੀਗੜ੍ਹ : ਪੰਜਾਬ ਵਿਚ ਲੰਘੇ ਕੱਲ੍ਹ ਤੋਂ 19 ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਰੇਲ ਰੋਕੋ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਸਮੁੱਚੇ ਪੰਜਾਬ ਵਿਚ ਰੇਲਵੇ ਲਾਈਨਾਂ ’ਤੇ ਬੈਠੇ ਹਨ ਅਤੇ ਰੇਲਵੇ ਟਰੈਕਾਂ ਨੂੰ ਜਾਮ ਕੀਤਾ ਹੋਇਆ ਹੈ। ਰੇਲਵੇ ਟਰੈਕ ਜਾਮ ਹੋਣ ਤੋਂ ਬਾਅਦ ਦਿੱਲੀ ਤੋਂ ਅੰਮਿ੍ਰਤਸਰ, ਪਠਾਨਕੋਟ ਤੋਂ ਅੰਮਿ੍ਰਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਆਦਿ ਸਾਰੇ ਰੇਲ ਰੂਟ ਪੂਰੀ ਤਰ੍ਹਾਂ ਦੂਜੇ ਦਿਨ ਵੀ ਠੱਪ ਰਹੇ। ਰੇਲਾਂ ਦਾ ਚੱਕਾ ਜਾਮ ਹੋਣ ਕਾਰਨ ਸੈਂਕੜੇ ਯਾਤਰੀ ਪੰਜਾਬ ਦੇ ਰੇਲਵੇ ਸਟੇਸ਼ਨਾਂ ’ਤੇ ਫਸ ਗਏ ਹਨ। ਅੱਜ ਸ਼ੁੱਕਰਵਾਰ ਨੂੰ 90 ਤੋਂ ਜ਼ਿਆਦਾ ਰੇਲ ਗੱਡੀਆਂ ਰੇਲਵੇ ਟਰੈਕ ਜਾਮ ਹੋਣ ਕਰਕੇ ਪ੍ਰਭਾਵਿਤ ਹੋਈਆਂ ਜਿਨ੍ਹਾਂ ਵਿਚੋਂ 80 ਤੋਂ ਜ਼ਿਆਦਾ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਸ਼ੁਰੂ ਕੀਤਾ ਇਹ ਰੇਲ ਰੋਕੋ ਪ੍ਰਦਰਸ਼ਨ 30 ਸਤੰਬਰ ਤੱਕ ਜਾਰੀ ਰਹੇਗਾ। ਉਧਰ ਹੜ੍ਹਾਂ ਨਾਲ ਫਸਲਾਂ, ਖੇਤਾਂ ਅਤੇ ਮਕਾਨਾਂ ਸਮੇਤ ਹੋਏ ਹੋਰ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਲੋਕਾਂ ਦੇ ਸਹਿਯੋਗ ਨਾਲ ਅੱਜ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ। ਕੌਮੀ ਮਾਰਗ ਉਤੇ ਬੈਠੇ ਕਿਸਾਨਾਂ ਨੇ ਧਰਨਾ ਸ਼ਰੂ ਕਰ ਦਿੱਤਾ, ਜਿਸ ਨਾਲ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਪੂਰੀ ਤਰ੍ਹਾਂ ਜਾਮ ਹੋ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।