ਅਮਿਤ ਸ਼ਾਹ ਅਤੇ JP ਨੱਢਾ ਨੇ ਰਾਏਪੁਰ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇਤਾਵਾਂ ਨਾਲ ਕੀਤੀ ਬੈਠਕ

ਰਾਏਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਵੀਰਵਾਰ ਨੂੰ ਛੱਤੀਸਗੜ੍ਹ ‘ਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ। ਪਾਰਟੀ ਦੇ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿ ਰਾਏਪੁਰ ‘ਚ ਪਾਰਟੀ ਦੇ ਪ੍ਰਦੇਸ਼ ਹੈੱਡ ਕੁਆਰਟਰ ਕੁਸ਼ਾਭਾਊ ਠਾਕਰੇ ਕੰਪਲੈਕਸ ‘ਚ ਲਗਭਗ 6 ਘੰਟੇ ਤੱਕ ਚੱਲੀ ਬੈਠਕ ਦੌਰਾਨ ਉਮੀਦਵਾਰਾਂ ਦੀ ਚੋਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਛੱਤੀਸਗੜ੍ਹ ਯਾਤਰਾ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋਈ। ਬੈਠਕ ‘ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ.ਐੱਲ. ਸੰਤੋਸ਼, ਪਾਰਟੀ ਦੇ ਰਾਜ ਇੰਚਾਰਜ ਓਮ ਮਾਥੁਰ, ਸਹਿ-ਇੰਚਾਰਜ ਨਿਤਿਨ ਨਬੀਨ, ਪ੍ਰਦੇਸ਼ ਪ੍ਰਧਾਨ ਅਰੁਣ ਸਾਵ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਨਾਰਾਇਣ ਚੰਦੇਲ, ਸਾਬਕਾ ਮੁੱਖ ਮੰਤਰੀ ਰਮਨ ਸਿਂਘ ਅਤੇ ਹੋਰ ਸੀਨੀਅਰ ਨੇਤਾ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਸ਼ਾਹ ਅਤੇ ਨੱਢਾ ਵੀਰਵਾਰ ਦੁਪਹਿਰ ਜੈਪੁਰ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਰਾਏਪੁਰ ਪਹੁੰਚੇ ਅਤੇ ਸਿੱਧੇ ਪਾਰਟੀ ਦੇ ਪ੍ਰਦੇਸ਼ ਹੈੱਡ ਕੁਆਰਟਰ ਗਏ, ਜਿੱਥੇ ਦੁਪਹਿਰ ਕਰੀਬ 2 ਵਜੇ ਬੈਠਕ ਸ਼ੁਰੂ ਹੋਈ। ਭਾਜਪਾ ਨੇ ਸਾਲ ਦੇ ਅੰਤ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਾਜ ਦੀਆਂ ਕੁੱਲ 90 ਸੀਟਾਂ ‘ਚੋਂ 21 ਸੀਟਾਂ ‘ਤੇ ਪਿਛਲੇ ਮਹੀਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਭਾਜਪਾ ਨੇਤਾਵਾਂ ਅਨੁਸਾਰ, ਅੱਜ ਦੀ ਬੈਠਕ ਦੌਰਾਨ ਉਮੀਦਵਾਰਾਂ ਦੀ ਅਗਲੀ ਸੂਚੀ ‘ਤੇ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ 30 ਸਤੰਬਰ ਨੂੰ ਬਿਲਾਸਪੁਰ ‘ਚ ਅਤੇ ਤਿੰਨ ਅਕਤੂਬਰ ਨੂੰ ਜਗਦਲਪੁਰ (ਬਸਤਰ) ‘ਚ ਇਕ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹ ਅਤੇ ਨੱਢਾ ਦਿੱਲੀ ਜਾਣ ਲਈ ਰਾਏਪੁਰ ਹਵਾਈ ਅੱਡੇ ਲਈ ਰਵਾਨਾ ਹੋ ਗਏ। ਛੱਤੀਸਗੜ੍ਹ ‘ਚ ਰਮਨ ਸਿੰਘ ਦੀ ਅਗਵਾਈ ‘ਚ 15 ਸਾਲ (2003-2018) ਤੱਕ ਸੱਤਾ ‘ਚ ਰਹਿਣ ਤੋਂ ਬਾਅਦ ਭਾਜਪਾ ਨੂੰ 2018 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਰਾਜ ‘ਚ ਇਕ ਵਾਰ ਮੁੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।