PM ਮੋਦੀ ਗੁਜਰਾਤ ਨੂੰ ਦੇਣਗੇ ਵੱਡੀ ਸੌਗਾਤ, 5200 ਕਰੋੜ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾ ਗੁਜਰਾਤ ਦੌਰੇ ਤਹਿਤ ਮੰਗਲਵਾਰ ਨੂੰ ਅਹਿਮਦਾਬਾਦ ਪਹੁੰਚੇ। ਅਹਿਮਦਾਬਾਦ ਹਵਾਈ ਅੱਡੇ ‘ਤੇ ਰਾਜਪਾਲ ਅਚਾਰਿਆ ਦੇਵਵਰਤ ਅਤੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਉਹ ਅੱਜ ਅਹਿਮਦਾਬਾਦ ਦੇ ਸਾਇੰਸ ਸਿਟੀ ‘ਚ ਵਾਈਬਰੈਂਟ ਗਲੋਬਲ ਇਨਵੈਸਟਰਜ਼ ਸਮਿੱਟ ਦੇ 20 ਸਾਲ ਪੂਰੇ ਹੋਣ ਮੌਕੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਦੁਪਿਹਰ ਕਰੀਬ 12.45 ਵਜੇ ਛੋਟਾ ਉਦੇਪੁਰ ਦੇ ਬੋਡੇਲੀ ‘ਚ 5,200 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ-ਪੱਥਰ ਰੱਖਣਗੇ।
ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਛੋਟਾ ਉਦੇਪੁਰ ‘ਚ 22 ਜ਼ਿਲ੍ਹਿਆਂ ਦੇ ਪੇਂਡੂ ਇਲਾਕਿਆਂ ‘ਚ ਵਾਈ-ਫਾਈ ਸਹੂਲਤਾਂ ਸਮੇਤ 5,206 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਗੁਜਰਾਤ ਸਰਕਾਰ ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮਿਸ਼ਨ ਸਕੂਲ ਆਫ ਐਕਸੀਲੈਂਸ ਦੇ ਤਹਿਤ 4,505 ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ।