ਪਵਾਰ ਦੀਆਂ ਕੋਸ਼ਿਸ਼ਾਂ ਕੰਮ ਨਹੀਂ ਆਈਆਂ, ਐੱਨ. ਸੀ. ਪੀ. ’ਚ ਕੌੜਾ ਅਧਿਆਏ ਸ਼ੁਰੂ

ਨਵੀਂ ਦਿੱਲੀ- ਜਦੋਂ ਐੱਨ. ਸੀ. ਪੀ. ਸੁਪਰੀਮੋ ਸ਼ਰਦ ਪਵਾਰ ਨੂੰ ਇਕੱਲਾ ਛੱਡ ਕੇ ਭਤੀਜਾ ਅਜੀਤ ਪਵਾਰ 40 ਵਿਧਾਇਕਾਂ ਨਾਲ ਚਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਉਲਝਣ ’ਚ ਪਏ ਐੱਨ. ਸੀ. ਪੀ. ਵਰਕਰਾਂ ਨੂੰ ਸੰਭਾਲਣ ਲਈ ਲੋਕ ਸਭਾ ਮੈਂਬਰ ਅਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਨੇ ਬਿਆਨ ਦਿੱਤਾ ਸੀ ਕਿ ਕੋਈ ਵੰਡ ਨਹੀਂ ਹੈ ਅਤੇ ਹਰ ਕੋਈ ਪਰਿਵਾਰ ਦਾ ਹਿੱਸਾ ਹੈ। ਸੀਨੀਅਰ ਪਵਾਰ ਨੇ ਵੀ ਜਨਤਕ ਤੌਰ ’ਤੇ ਆਪਣੇ ਭਤੀਜੇ ਨੂੰ ਪਿਆਰ ਭਰੇ ਸੰਦੇਸ਼ ਭੇਜੇ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੀ ਸੰਜੀਦਾ ਰਹੇ ਪਰ ਰਿਸ਼ਤਿਆਂ ਨੂੰ ਕਾਇਮ ਰੱਖਣ ਦਾ ਮੌਕਾ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ। ਇਹ ਸਪੱਸ਼ਟ ਹੈ ਕਿ ਐੱਨ. ਸੀ. ਪੀ. ’ਚ ਵੰਡ ਇਕ ਕੌੜਾ ਸੱਚ ਹੈ।
ਸ਼ਰਦ ਪਵਾਰ ਨੂੰ ਆਪਣੀ ਵਿਰਾਸਤ ਕਾਇਮ ਰੱਖਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਅਜੀਤ ਪਵਾਰ ਆਪਣੇ ਚਾਚੇ ਨੂੰ ਟੱਕਰ ਦੇਣ ਲਈ ਕਮਰ ਕੱਸ ਰਹੇ ਹਨ ਅਤੇ ਪਿੱਛੇ ਹਟਣ ਵਾਲੇ ਨਹੀਂ ਹਨ। ਸੀਨੀਅਰ ਪਵਾਰ ਅਤੇ ਪੀ. ਐੱਮ. ਮੋਦੀ ਵਿਚ ਮੇਲ-ਜੋਲ ਦੇ ਦਿਨ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ, ਜਿਵੇਂ ਕਿ ਸੰਸਦ ਦੇ ਸੈਂਟਰਲ ਹਾਲ ਵਿਚ ਵੱਖਿਆ ਗਿਆ ਸੀ ਜਦੋਂ ਪਿਛਲੇ ਮੰਗਲਵਾਰ ਨੂੰ ਮੋਦੀ ਅਤੇ ਪਵਾਰ ਆਹਮੋ-ਸਾਹਮਣੇ ਆਏ ਸਨ। ਜੇਕਰ ਕੁਝ ਵੀ ਅਣਸੁਖਾਵਾਂ ਨਾ ਹੋਇਆ, ਤਾਂ ਸ਼ਰਦ ਪਵਾਰ ਨੂੰ ਆਪਣੀ ਹੀ ਦਵਾਈ ਦਾ ਸਵਾਦ ਚੱਖਣ ਨੂੰ ਮਿਲ ਸਕਦਾ ਹੈ ਕਿਉਂਕਿ 6 ਅਕਤੂਬਰ ਨੂੰ ਵੰਡ ਦੀ ਕਾਰਵਾਈ ਹੋਣੀ ਤੈਅ ਹੈ।
ਐੱਨ. ਸੀ. ਪੀ. ਦੋਵੇਂ ਧੜੇ ਚੋਣ ਕਮਿਸ਼ਨ ਅੱਗੇ ਅਸਲ ਧਿਰ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਚੋਣ ਨਿਸ਼ਾਨ ਆਪਣੇ ਕੋਲ ਰੱਖਣਾ ਚਾਹੁੰਦੇ ਹਨ। ਸ਼ਰਦ ਪਵਾਰ ਇਕ ਚਲਾਕ ਸਿਆਸਤਦਾਨ ਰਹੇ ਹਨ ਅਤੇ 1978 ’ਚ 40 ਵਿਧਾਇਕਾਂ ਨਾਲ ਭਗਵਾ ਪਾਰਟੀ ਸਮੇਤ 6 ਪਾਰਟੀਆਂ ਦਾ ਗੱਠਜੋੜ ਬਣਾ ਕੇ ਮਹਾਰਾਸ਼ਟਰ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ ਸਨ। ਅਜੀਤ ਪਵਾਰ ਨੇ 44 ਸਾਲਾਂ ਬਾਅਦ ਆਪਣੇ ਚਾਚੇ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੂੰ ਇੰਨੇ ਹੀ ਵਿਧਾਇਕਾਂ ਨਾਲ ਤੋੜ ਦਿੱਤਾ ਅਤੇ ਉਪ ਮੁੱਖ ਮੰਤਰੀ ਬਣਨ ਲਈ ਭਾਜਪਾ ਨਾਲ ਹੱਥ ਮਿਲਾ ਲਿਆ।