ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਪਹਿਰਾ ਦੇ ਰਹੇ ਨੌਜਵਾਨਾਂ ’ਤੇ ਚਲਾਈਆਂ ਗੋਲ਼ੀਆਂ

ਸ਼ਾਹਕੋਟ – ਪਿੰਡ ਬਾਊਪੁਰ ਵਿਖੇ ਬੀਤੇ ਦਿਨ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਲਾਏ ਗਏ ਪਹਿਰੇ ’ਤੇ ਖੜ੍ਹੇ ਨੌਜਵਾਨਾਂ ਨੇ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਪਹਿਰੇ ’ਤੇ ਖੜ੍ਹੇ ਪਿੰਡ ਵਾਸੀਆਂ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਖ਼ੁਸ਼ਕਿਸਮਤੀ ਨਾਲ ਇਸ ਗੋਲ਼ੀਬਾਰੀ ’ਚ ਪਹਿਰਾ ਦੇ ਰਹੇ ਨੌਜਵਾਨ ਵਾਲ-ਵਾਲ ਬਚ ਗਏ, ਜਦਕਿ ਕਥਿਤ ਨਸ਼ਾ ਸਮੱਗਲਰ ਗੋਲ਼ੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ।
ਪਿਛਲੇ ਦਿਨੀਂ ਬਾਊਪੁਰ ਵਾਸੀਆਂ ਨੇ ਪਿੰਡ ’ਚ ਇਕੱਠ ਕਰ ਕੇ ਨਸ਼ਿਆਂ ਦੀ ਵਿਕਰੀ ਲਈ ਬਦਨਾਮ ਆਪਣੇ ਪਿੰਡ ’ਚੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ’ਚ ਪਿੰਡ ਦੀਆਂ ਔਰਤਾਂ ਨੇ ਵੀ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਸੀ। ਫੈਸਲੇ ਕੀਤਾ ਗਿਆ ਕਿ ਪਿੰਡ ’ਚ ਨਸ਼ਿਆਂ ਖ਼ਿਲਾਫ਼ ਪਹਿਰਾ ਲਾਇਆ ਜਾਵੇਗਾ ਅਤੇ ਪਿੰਡ ’ਚ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾਵੇਗੀ। ਇਸੇ ਤਹਿਤ ਮੰਗਲਵਾਰ ਪਿੰਡ ਦੇ 4 ਨੌਜਵਾਨਾਂ ਵੱਲੋਂ ਪਿੰਡ ਦੇ ਇਕ ਚੌਂਕ ’ਚ ਪਹਿਰਾ ਦਿੱਤਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ’ਚ ਕਥਿਤ ਨਸ਼ਾ ਵੇਚਣ ਵਾਲੇ ਇਕ ਘਰੋਂ 3 ਸ਼ੱਕੀ ਵਿਅਕਤੀ ਸਿਲਵਰ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਨਿਕਲੇ ਹਨ।
ਪਹਿਰੇ ’ਤੇ ਖੜ੍ਹੇ ਬਲਵਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਜਿਓਂ ਹੀ ਉਕਤ ਮੋਟਰਸਾਈਕਲ ਸਵਾਰ ਚੌਕ ’ਚ ਪਹੁੰਚੇ ਤਾਂ ਉਨ੍ਹਾਂ ਨੂੰ ਰੋਕ ਕੇ ਪਿੰਡ ਆਉਣ ਦਾ ਮਕਸਦ ਪੁੱਛਿਆ। ਇਸੇ ਦੌਰਾਨ ਮੋਟਰਸਾਈਕਲ ਸਵਾਰਾਂ ’ਚੋਂ ਇਕ ਨੇ ਗੁਰਮੀਤ ਸਿੰਘ ’ਤੇ ਪਿਸਤੌਲ ਤਾਣ ਲਈ ਤੇ ਵੀਡੀਓ ਬਣਾਉਣ ਤੋਂ ਰੋਕਣ ਲਈ ਕਿਹਾ। ਇਸੇ ਦੌਰਾਨ ਉਸ ਨੇ ਗੋਲ਼ੀ ਚਲਾ ਦਿੱਤੀ, ਜਿਸ ’ਤੇ ਗੁਰਮੀਤ ਸਿੰਘ ਨੇ ਪਿਸਤੌਲ ਨੂੰ ਹੇਠਾਂ ਵੱਲ ਕਰ ਦਿੱਤਾ ਤੇ ਗੋਲੀ ਸੜਕ ’ਤੇ ਜਾ ਲੱਗੀ। ਪਹਿਰੇ ’ਤੇ ਖੜ੍ਹੇ ਚਾਰੇ ਨੌਜਵਾਨ ਆਪਣੀ ਜਾਨ ਬਚਾਉਣ ਲਈ ਭੱਜੇ ਤਾਂ ਉਕਤ ਕਥਿਤ ਨਸ਼ਾ ਸਮੱਗਲਰ ਗੋਲ਼ੀਆਂ ਚਲਾਉਂਦੇ ਹੋਏ ਫਰਾਰ ਹੋ ਗਏ।
ਇਸੇ ਦੌਰਾਨ ਪਿੰਡ ਵਾਸੀ ਵੱਡੀ ਗਿਣਤੀ ’ਚ ਇਕੱਤਰ ਹੋ ਗਏ। ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਸ਼ਾਹਕੋਟ, ਐੱਸ. ਐੱਚ. ਓ. ਸ਼ਾਹਕੋਟ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਸਬੰਧੀ ਐੱਸ. ਐੱਚ. ਓ. ਸ਼ਾਹਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕੀ ਪਿੰਡ ਦੇ 2 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।