ਮਨਪ੍ਰੀਤ ਬਾਦਲ ਖ਼ਿਲਾਫ਼ ਇਕ ਹੋਰ ਵੱਡੇ ਐਕਸ਼ਨ ਦੀ ਤਿਆਰੀ ‘ਚ ਵਿਜੀਲੈਂਸ

ਜਲੰਧਰ : ਵਿਜੀਲੈਂਸ ਬਿਊਰੋ ਵਲੋਂ ਮਨਪ੍ਰੀਤ ਬਾਦਲ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਪਹਿਲਾ ਕੇਸ ਦਰਜ ਕਰਨ ਤੋਂ ਬਾਅਦ ਹੁਣ ਉਨ੍ਹਾਂ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਵੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਹੋ ਸਕਦਾ ਹੈ। ਪਿਛਲੇ ਸਮੇਂ ’ਚ ਵੀ ਜਦ-ਜਦ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸ ਮੰਤਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦਰਜ ਕੀਤੇ ਹਨ ਤਾਂ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਨੂੰ ਲੈ ਕੇ ਵੀ ਕੇਸ ਦਰਜ ਕੀਤੇ ਗਏ ਹਨ।
ਹੁਣ ਕਿਉਂਕਿ ਮਨਪ੍ਰੀਤ ਵਿਰੁੱਧ ਵੀ ਪਹਿਲਾਂ ਕੇਸ ਦਰਜ ਹੋ ਚੁੱਕਾ ਹੈ, ਇਸ ਲਈ ਹੁਣ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਵਲੋਂ ਬਣਾਈ ਗਈ ਜਾਇਦਾਦ ਨੂੰ ਲੈ ਕੇ ਜਾਂਚ ਦੇ ਕੰਮ ਸ਼ੁਰੂ ਕਰਨ ਜਾ ਰਹੇ ਹਨ ਅਤੇ ਇਸ ਲਈ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਵਿਜੀਲੈਂਸ ਅਧਿਕਾਰੀ ਇਸ ਲਈ ਆਉਣ ਵਾਲੇ ਸਮੇਂ ’ਚ ਮਨਪ੍ਰੀਤ ਨੂੰ ਵੱਖ ਤੋਂ ਨੋਟਿਸ ਭੇਜ ਸਕਦੇ ਹਨ। ਫਿਲਹਾਲ ਤਾਂ ਪਹਿਲਾਂ ਕੰਮ ਮਨਪ੍ਰੀਤ ਦੀ ਗ੍ਰਿਫ਼ਤਾਰੀ ਹੋਵੇਗੀ ਅਤੇ ਉਸ ਤੋਂ ਬਾਅਦ ਮਨਪ੍ਰੀਤ ਦੀ ਚਲ-ਅਚੱਲ ਜਾਇਦਾਦ ਨੂੰ ਲੈ ਕੇ ਛਾਣਬੀਨ ਦਾ ਕੰਮ ਸ਼ੁਰੂ ਕੀਤਾ ਜਾਏਗਾ।
ਵਿਜੀਲੈਂਸ ਬਿਊਰੋ ਵਲੋਂ ਮਨਪ੍ਰੀਤ ਨੂੰ ਆਉਣ ਵਾਲੇ ਸਮੇਂ ਵਿਚ ਇਕ ਪ੍ਰਫਾਰਮਾ ਭੇਜਿਆ ਜਾਏਗਾ ਜਿਸ ਵਿਚ ਉਨ੍ਹਾਂ ਨੂੰ ਆਪਣੀ ਚਲ-ਅਚੱਲ ਜਾਇਦਾਦ ਦੀ ਜਾਣਕਾਰੀ ਦੇਣ ਲਈ ਕਿਹਾ ਜਾਏਗਾ। ਉਸ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਆਪਣੇ ਪੱਧਰ ’ਤੇ ਜੁਟਾਈ ਗਈ ਜਾਣਕਾਰੀ ਨੂੰ ਪ੍ਰਫਾਰਮਾ ਵਿਚ ਦਰਜ ਸੂਚਨਾਵਾਂ ਰਾਹੀਂ ਮੇਲ ਕਰਨਗੇ। ਇਸ ਤੋਂ ਉਪਰੰਤ ਹੀ ਮਨਪ੍ਰੀਤ ਤੋਂ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾਏਗਾ।