ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਲੋਕਾਂ ਦੀ ਹੋਈ ਮੌਤ, 2 ਹੋਏ ਅੰਨ੍ਹੇ

ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ (ਏ.ਐੱਸ.ਪੀ.) ਅਵਧੇਸ਼ ਦੀਕਸ਼ਿਤ ਨੇ ਐਤਵਾਰ ਨੂੰ ਕਿਹਾ ਕਿ ਇਹ ਘਟਨਾ ਕਾਜ਼ੀ ਮੁਹੰਮਦਪੁਰ ਥਾਣਾ ਖੇਤਰ ਦੇ ਅਧੀਨ ਪੋਖਰੀਆ ਪੀਰ ਇਲਾਕੇ ਵਿਚ ਵਾਪਰੀ ਅਤੇ ਸ਼ਰਾਬ ਸਪਲਾਇਰ ਫਰਾਰ ਹੈ ਪਰ ਉਸਦੀ ਪਤਨੀ ਅਤੇ ਧੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੋਖਰੀਆ ਪੀਰ ਇਲਾਕੇ ਦੇ ਉਮੇਸ਼ ਸ਼ਾਹ ਅਤੇ ਪੱਪੂ ਰਾਮ ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 3 ਦਿਨ ਪਹਿਲਾਂ ਸ਼ਰਾਬ ਪੀ ਕੇ ਘਰ ਪਰਤੇ ਸਨ ਅਤੇ ਉਸ ਤੋਂ ਬਾਅਦ ਬੀਮਾਰ ਹੋ ਗਏ। ਦੋ ਹੋਰ ਲੋਕਾਂ ਧਰਮਿੰਦਰ ਅਤੇ ਰਾਜੂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਧਰਮਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ਿਵਚੰਦਰ ਪਾਸਵਾਨ ਤੋਂ ਸ਼ਰਾਬ ਖਰੀਦੀ ਸੀ। ਜ਼ਿਕਰਯੋਗ ਹੈ ਕਿ ਬਿਹਾਰ ’ਚ ਨਿਤੀਸ਼ ਕੁਮਾਰ ਸਰਕਾਰ ਨੇ 2016 ’ਚ ਸ਼ਰਾਬ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ।