ਅਲਾਰਮ ਵਜਾ ਕੇ ‘ਵੰਦੇ ਭਾਰਤ ਟਰੇਨ’ ਰੋਕ ਸਕਣਗੇ ਯਾਤਰੀ, ਜਾਣੋ ਸੁਰੱਖਿਆ ਉਪਾਵਾਂ ਸਣੇ ਕਈ ਸ਼ਾਨਦਾਰ ਫੀਚਰ

ਨਵੀਂ ਦਿੱਲੀ- ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕਨੈਕਟੀਵਿਟੀ ਵਧਾਉਣ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤ ਟਰੇਨ ਨੂੰ ਵਧੇਰੇ ਸੁਰੱਖਿਅਤ ਬਣਾ ਕੇ ਇਸ ਨੂੰ ਆਹਮਣੇ-ਸਾਹਮਣੇ ਦੀ ਟੱਕਰ ਤੋਂ ਬਚਾਉਣ, ਅੱਗ ਤੋਂ ਸੁਰੱਖਿਅਤ ਰੱਖਣ ਅਤੇ ਸਾਰੇ ਦਰਵਾਜ਼ਿਆਂ ਦੇ ਬੰਦ ਹੋਣ ‘ਤੇ ਹੀ ਗੱਡੀ ਦੇ ਸਟਾਰਟ ਹੋਣ ਵਰਗੇ ਸੁਰੱਖਿਆ ਉਪਾਵਾਂ ਨਾਲ ਹੀ ਹੋਰ ਕਈ ਕਵਚਾਂ ਨਾਲ ਲੈਸ ਕੀਤਾ ਗਿਆ ਹੈ।
ਯਾਤਰੀ ਵੀ ਅਲਾਰਮ ਬਟਨ ਦਬਾ ਕੇ ਟਰੇਨ ਨੂੰ ਰੋਕ ਸਕਦੇ ਹਨ
ਰੇਲ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸਾਰੀਆਂ ਨਵੀਆਂ ਟਰੇਨਾਂ ਵਿਚ ਫੀਡ ਬੈਕ ਦੇ ਆਧਾਰ ‘ਤੇ ਸੁਰੱਖਿਆ ਦੇ ਹੋਰ ਜ਼ਿਆਦਾ ਅਤੇ ਪ੍ਰਭਾਵੀ ਉਪਾਅ ਕੀਤੇ ਗਏ ਹਨ, ਜਿਨ੍ਹਾਂ ‘ਚ ਆਹਮਣੇ-ਸਾਹਮਣੇ ਦੀ ਟੱਕਰ ਤੋਂ ਬਚਾਅ, ਸਾਰੇ ਦਰਵਾਜ਼ਿਆਂ ਦਾ ਯਕੀਨੀ ਰੂਪ ਨਾਲ ਬੰਦ ਹੋਣਾ, ਅੱਗ ਤੋਂ ਬਚਾਅ ਦੇ ਕਈ ਨਵੇਂ ਫੀਚਰਜ਼ ਜੋੜਨ ਨਾਲ ਹੀ ਲੋਕੋ-ਪਾਇਲਟ ਵਿਚਾਲੇ ਵੌਕੀ-ਟੌਕੀ ਦੀ ਥਾਂ ਆਧੁਨਿਕ ਤਕਨੀਕ ਦੇ ਇਸਤੇਮਾਲ ਨਾਲ ਸੰਵਾਦ ਦੀ ਵਿਵਸਥਾ ਹੈ। ਇਸ ਵਿਚ ਯਾਤਰੀ ਵੀ ਅਲਾਰਮ ਬਟਨ ਦਬਾ ਕੇ ਟਰੇਨ ਨੂੰ ਰੋਕ ਸਕਦੇ ਹਨ।
ਟਰੇਨ ‘ਚ ਜੋੜੇ ਗਏ ਨਵੇਂ ਫੀਚਰ
ਤਾਮਿਲਨਾਡੂ ‘ਚ ਤਿਰੂਵਨੇਲਵੇਲੀ ਅਤੇ ਚੇਨਈ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਨੂੰ ਹਰੀ ਝੰਡੀ ਵਿਖਾ ਕੇ ਸ਼ੁਰੂ ਕੀਤੀ ਗਈ ਵੰਦੇ ਭਾਰਤ ਰੇਲ ਸੇਵਾ ਦੇ ਉਦਘਾਟਨ ਸਮਾਰੋਹ ਮਗਰੋਂ ਮਦੁਰੈ ਡਿਵੀਜ਼ਨ ਦੇ ਸੀਨੀਅਰ ਤਕਨੀਕੀ ਅਧਿਕਾਰੀ ਅਨੁਜ ਰਾਠੌੜ ਨੇ ਦੱਸਿਆ ਕਿ ਟਰੇਨ ਵਿਚ ਇਸ ਤਰ੍ਹਾਂ ਦੇ 10 ਤੋਂ ਵਧੇਰੇ ਨਵੇਂ ਫੀਚਰ ਜੋੜੇ ਗਏ ਹਨ।
ਟਰੇਨ ‘ਚ ਸਿਗਰਟ ਪੀਣ ਦੀ ਮਨਾਹੀ
ਅਧਿਕਾਰੀ ਨੇ ਦੱਸਿਆ ਕਿ ਟਰੇਨ ਦੀ ਸੁਰੱਖਿਆ ਅਤੇ ਯਾਤਰੀ ਸਹੂਲਤਾਂ ‘ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਇਸ ‘ਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਤੱਕ ਸਾਰੇ ਦਰਵਾਜ਼ੇ ਬੰਦ ਨਹੀਂ ਹੁੰਦੇ ਟਰੇਨ ਸਟਾਰਟ ਹੀ ਨਹੀਂ ਹੋਵੇਗੀ। ਜਦੋਂ ਪਾਇਲਟ ਨੂੰ ਯਕੀਨੀ ਹੋ ਜਾਵੇਗਾ ਕਿ ਹੁਣ ਟਰੇਨ ਚੱਲਣ ਲਈ ਸੁਰੱਖਿਅਤ ਹੈ ਤਾਂ ਉਸ ਨੂੰ ਚਲਾਇਆ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਟਰੇਨ ਵਿਚ ਸਿਗਰਟ ਪੀਣ ਦੀ ਮਨਾਹੀ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਦਾ ਅਲਾਰਮ ਵਜੇਗਾ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕਦਾ ਹੈ। ਪਹਿਲਾਂ ਜੇਕਰ ਅਜਿਹਾ ਹੁੰਦਾ ਸੀ ਤਾਂ ਟਰੇਨ ਨੂੰ ਰੋਕਣਾ ਪੈਂਦਾ ਸੀ ਪਰ ਹੁਣ ਆਸਾਨੀ ਨਾਲ ਸਿੱਧੇ ਉਸ ਵਿਅਕਤੀ ਤੱਕ ਪਹੁੰਚ ਕੇ ਉਸ ਨੂੰ ਰੋਕਿਆ ਜਾ ਸਕਦਾ ਹੈ।
ਸੀ. ਸੀ. ਟੀ. ਵੀ. ਕੈਮਰਿਆਂ ਨਾਲ ਨਿਗਰਾਨੀ
ਟਰੇਨ ਵਿਚ ਸੀ. ਸੀ. ਟੀ. ਵੀ. ਕੈਮਰੇ ਹਨ, ਤਾਂ ਕਿ ਹਰ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਸਕੇ। ਨਵੀਂ ਵੰਦੇ ਭਾਰਤ ਟਰੇਨ ਵਿਚ ਸੁਰੱਖਿਆ ਦੇ ਲਿਹਾਜ ਨਾਲ ਅਤਿ-ਆਧਨਿਕ ਸੰਚਾਰ ਵਿਵਸਥਾ ਦਾ ਇਸਤੇਮਾਲ ਕੀਤਾ ਗਿਆ ਹੈ। ਹੁਣ ਲੋਕੋ ਪਾਇਲਟ ਨੂੰ ਗੱਲ ਕਰਨ ਲਈ ਵੌਕੀ-ਟੌਕੀ ਦੀ ਲੋੜ ਨਹੀਂ ਹੋਵੇਗੀ ਅਤੇ ਕੰਟਰੋਲ ਬਟਨ ਦਬਾ ਕੇ ਉਹ ਸਿੱਧੇ ਦੂਜੇ ਲੋਕੋ ਪਾਇਲਟ ਨਾਲ ਗੱਲ ਕਰ ਸਕਦੇ ਹਨ।
ਦਿਵਿਯਾਂਗਾਂ ਦਾ ਰੱਖਿਆ ਗਿਆ ਪੂਰਾ ਧਿਆਨ
ਇਸੇ ਤਰ੍ਹਾਂ ਜੇਕਰ ਕਿਸੇ ਵੀ ਕੋਚ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਯਾਤਰੀ ਉੱਥੇ ਲੱਗੇ ਬਟਨ ਨੂੰ ਦਬਾ ਕੇ ਲੋਕੋ ਪਾਇਲਟ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਟਰੇਨ ਦੇ ਆਖਰੀ ਅਤੇ ਸ਼ੁਰੂਆਤੀ ਡੱਬੇ ਵਿਚ ਪਖ਼ਾਨਾ ਸਿਸਟਮ ਨੂੰ ਦਿਵਿਯਾਂਗਾਂ ਦੀ ਸਹੂਲਤ ਲਈ ਵਧੇਰੇ ਆਧੁਨਿਕ ਅਤੇ ਸੌਖਾ ਬਣਾਇਆ ਗਿਆ ਹੈ। ਅਜਿਹੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
160 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਦੌੜੇਗੀ ਟਰੇਨ
ਦੋਵਾਂ ਡੱਬਿਆਂ ‘ਚ ਅਜਿਹੇ ਯਾਤਰੀਆਂ ਲਈ ਢੁੱਕਵੀਂ ਥਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਖਾਨਿਆਂ ਨੂੰ ਵੀ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਪਾਣੀ ਦੀ ਬਰਬਾਦੀ ਨਾ ਹੋਵੇ ਅਤੇ ਟਰੇਨ ਦੀ ਤੇਜ਼ ਰਫ਼ਤਾਰ ਦੀ ਸਥਿਤੀ ਵਿਚ ਵੀ ਯਾਤਰੀਆਂ ਨੂੰ ਹੈਂਡਲ ਆਦਿ ਵਰਗੀਆਂ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਇਸ ਟਰੇਨ ਨੂੰ 160 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਈ ਤਿਆਰ ਕੀਤਾ ਗਿਆ ਹੈ। ਚੇਨਈ ਸਮੇਤ ਕਈ ਥਾਵਾਂ ‘ਤੇ ਕੋਚਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।