PM ਮੋਦੀ ਸਮੇਤ ਹੁਣ ਤਕ ਦੇਸ਼ ਦੇ ਕਈ ਵੱਡੇ ਨੇਤਾਵਾਂ ਨੂੰ 25 ਵਾਰ ਧਮਕੀਆਂ ਦੇ ਚੁੱਕਾ ਹੈ ਅੱਤਵਾਦੀ ਪੰਨੂ

ਨਵੀਂ ਦਿੱਲੀ : ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦਾ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਜਨਵਰੀ ਤੋਂ ਹੁਣ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਵੱਡੇ ਨੇਤਾਵਾਂ ਤੇ ਹਸਤੀਆਂ ਨੰ 25 ਵਾਰ ਧਮਕੀਆਂ ਦੇ ਚੁੱਕਾ ਹੈ। ਲੁਕ-ਛਿਪ ਕੇ ਧਮਕੀਆਂ ਦੇਣ ਤੋਂ ਬਾਅਦ ਪੰਨੂ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਸ ਨੂੰ ਆਪਣੀ ਜਾਨ ਬਚਾਉਣ ਲਈ ਕੈਨੇਡੀਆਈ ਬਾਡੀਗਾਰਡ ਰੱਖਣੇ ਪੈ ਰਹੇ ਹਨ। 8 ਮਹੀਨਿਆਂ ਤੋਂ ਵੱਧ ਸਮੇਂ ’ਚ ਅੱਤਵਾਦੀ ਪੰਨੂ ਨੇ ਧਮਕੀਆਂ ਤਾਂ ਦਿੱਤੀਆਂ ਹਨ ਪਰ ਇਸ ਦੇਸ਼ ਦੇ ਲੋਕਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਭਾਰਤ ਵਿਰੋਧੀ ਅਜਿਹੇ ਅੱਤਵਾਦੀ ਦਾ ਕੈਨੇਡਾ ਦੀ ਟਰੂਡੋ ਸਰਕਾਰ ਵੀ ਪੂਰਾ ਸਮਰਥਨ ਕਰ ਰਹੀ ਹੈ।
ਪੰਨੂ ’ਤੇ ਪੰਜਾਬ ’ਚ ਦਰਜ ਹਨ 22 ਅਪਰਾਧਕ ਮਾਮਲੇ
ਪਿਛਲੇ ਕੁਝ ਮਹੀਨਿਆਂ ’ਚ ਵਿਦੇਸ਼ਾਂ ਵਿਚ 3 ਖਾਲਿਸਤਾਨੀ ਅੱਤਵਾਦੀਆਂ ਦੀ ਹੱਤਿਆ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਹੁਣ ਸੁਰੱਖਿਆ ਏਜੰਸੀਆਂ ਦੀ ਰਾਡਾਰ ’ਤੇ ਹੈ। 6 ਮਈ ਨੂੰ ਖਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐੱਫ.) ਦੇ ਮੁਖੀ ਖਾਲਿਸਤਾਨੀ ਨੇਤਾ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 15 ਜੂਨ ਨੂੰ ਖਾਲਿਸਤਾਨ ਦੇ ਪ੍ਰਮੁੱਖ ਬੁਲਾਰੇ ਅਤੇ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬ੍ਰਿਟੇਨ ਦੇ ਇਕ ਹਸਪਤਾਲ ਵਿਚ ਕੈਂਸਰ ਨਾਲ ਮੌਤ ਹੋ ਗਈ ਸੀ। ਇਸ ਤੋਂ 3 ਦਿਨ ਬਾਅਦ 18 ਜੂਨ ਨੂੰ ਕੈਨੇਡੀਆਈ ਨਾਗਰਿਕ ਅਤੇ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸੱਰੇ ’ਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ 2 ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਪੰਨੂ ਕਈ ਦਿਨ ਅੰਡਰਗਰਾਊਂਡ ਰਿਹਾ। ਹੁਣ ਤਕ ਉਸ ਉੱਪਰ ਪੰਜਾਬ ਵਿਚ ਦੇਸ਼ਧ੍ਰੋਹ ਦੇ 3 ਮਾਮਲਿਆਂ ਸਮੇਤ 22 ਅਪਰਾਧਕ ਮਾਮਲੇ ਦਰਜ ਹਨ।