ਸਿਪਾਹਸਲਾਰ ਸਣੇ 3 ਕਾਂਗਰਸੀ ਨੇਤਾ ਭਾਜਪਾ ਦੇ ‘ਚਰਨਾਂ’ ’ਚ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ

ਜਲੰਧਰ : ਪੰਜਾਬ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਸੂਬਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪਾਰਟੀ ਅੰਦਰ ਖਿੱਚੋਤਾਣ ਤੇਜ਼ ਹੋ ਗਈ ਹੈ। ਪਾਰਟੀ ਵਿਚ 2 ਧੜੇ ਬਣ ਕੇ ਸਾਹਮਣੇ ਆ ਗਏ ਹਨ–‘ਟਕਸਾਲੀ’ ਤੇ ‘ਇੰਪੋਰਟਿਡ’ ਭਾਜਪਾਈ। ਬੇਸ਼ੱਕ ਪਾਰਟੀ ਨੂੰ ਖ਼ੁਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਵੇਗਾ ਕਿ ਇਹ ਰੋਸ ਇਸ ਪੱਧਰ ਤਕ ਵਧ ਜਾਵੇਗਾ ਕਿ ਪਾਰਟੀ ਵਿਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇਗੀ।
ਇਸ ਸਬੰਧੀ ਟਕਸਾਲੀ ਭਾਜਪਾਈ ਕੀ ਸਟੈਂਡ ਲੈਂਦੇ ਹਨ, ਇਹ ਤਾਂ 24 ਸਤੰਬਰ ਦੀ ਚੰਡੀਗੜ੍ਹ ਵਿਚ ਰੱਖੀ ਗਈ ਬੈਠਕ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਪਰ ਇਹ ਗੱਲ ਸਪਸ਼ਟ ਹੈ ਕਿ ਪੰਜਾਬ ’ਚ ਭਾਜਪਾ ਦੇ ਅੰਦਰ ਪੈਦਾ ਹੋਈ ਖਿੱਚੋਤਾਣ ਪਾਰਟੀ ਲਈ ਕੋਈ ਜ਼ਿਆਦਾ ਬਿਹਤਰ ਨਹੀਂ ਹੈ। ਅਸਲ ’ਚ ਭਾਜਪਾ ਦੇ ਟਕਸਾਲੀ ਨੇਤਾ ਇੰਪੋਰਟ ਕੀਤੇ ਜਾ ਰਹੇ ਕਾਂਗਰਸੀ ਜਾਂ ਅਕਾਲੀ ਨੇਤਾਵਾਂ ਤੋਂ ਨਹੀਂ, ਸਗੋਂ ਆਪਣੀ ਪਾਰਟੀ ਦੇ ਰਵੱਈਏ ਤੋਂ ਦੁਖੀ ਹਨ। ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਅੱਗੇ ਇਸ ਵਿਚ ਬਹੁਤ ਕੁਝ ਹੋਣਾ ਹੈ ਪਰ ਇਸ ਵਿਚਾਲੇ ਜੋ ਮੁੱਖ ਖ਼ਬਰ ਸਾਹਮਣੇ ਆਈ ਹੈ, ਉਹ ਇਹ ਹੈ ਕਿ ਹੁਣ ਪਾਰਟੀ ਵਿਚ ਇੰਪੋਰਟਿਡ ਕਾਂਗਰਸੀਆਂ ਦੀ ਗਿਣਤੀ ਹੋਰ ਵਧਣ ਵਾਲੀ ਹੈ।
ਕੈਪਟਨ ਨੂੰ ਸੀ. ਐੱਮ. ਦੇ ਅਹੁਦੇ ਤੋਂ ਉਤਾਰਨ ਵਾਲੇ ਵੀ ਭਾਜਪਾ ਵਿਚ ਆਉਣ ਲਈ ਤਿਆਰ
ਖ਼ਬਰ ਹੈ ਕਿ ਇਸ ਸਿਪਾਹਸਲਾਰ ਦੇ ਉੱਪਰ ਪੰਜਾਬ ਵਿਜੀਲੈਂਸ ਵਿਚ ਮਾਮਲਾ ਦਰਜ ਹੈ ਅਤੇ ਵਿਜੀਲੈਂਸ ਨੇ ਪੂਰਾ ਪ੍ਰੈਸ਼ਰ ਬਣਾ ਕੇ ਰੱਖਿਆ ਹੈ। ਇਹੀ ਨਹੀਂ, ਕਿਹਾ ਜਾ ਰਿਹਾ ਕਿ ਵਿਜੀਲੈਂਸ ਨੇ ਇਨ੍ਹਾਂ ਦੇ ‘ਪੁਰਾਣੇ ਕਰਮਕਾਂਡ’ ਦੀ ਪੱਤਰੀ ਈ. ਡੀ. ਨੂੰ ਦੇ ਦਿੱਤੀ ਹੈ, ਜਿਸ ਤੋਂ ਬਾਅਦ ਘਬਰਾਏ ਹੋਏ ਸਿਪਾਹਸਲਾਰ ਸਾਹਿਬ ਹੁਣ ਭਾਜਪਾ ਦੇ ਚਰਨਾਂ ਵਿਚ ਹਨ। ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਭਾਜਪਾ ਦੇ ਪਾਵਰਫੁਲ ਨੇਤਾ ਵਲੋਂ ਸਿਪਾਹਸਲਾਰ ਨੂੰ ਭਾਜਪਾ ਜੁਆਇਨ ਕਰਵਾਉਣ ਲਈ ਆਲਾ ਨੇਤਾਵਾਂ ਨੂੰ ਵਿਸ਼ਵਾਸ ਵਿਚ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਪੁਰਾਣੇ ਸਮੇਂ ’ਚ ਇਹ ਸਿਪਾਹਸਲਾਰ ਪਾਵਰਫੁਲ ਨੇਤਾ ਦਾ ਵੀ ਨਜ਼ਦੀਕੀ ਰਿਹਾ ਹੈ। ਇਸ ਤੋਂ ਇਲਾਵਾ ਪਾਰਟੀ ਵਿਚ ਇਕ ਹੋਰ ਨੇਤਾ ਵੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦਾ ਫਾਰਮ ਹਾਊਸ ਕੈਪਟਨ ਅਮਰਿੰਦਰ ਸਿੰਘ ਵਾਂਗ ਕਾਫੀ ਸ਼ਾਨਦਾਰ ਹੈ। ਇਕ ਹੋਰ ਸਾਬਕਾ ਵਿਧਾਇਕ ਜਿਸ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਨ ਵਿਚ ਅਹਿਮ ਰੋਲ ਰਿਹਾ ਹੈ, ਵੀ ਭਾਜਪਾ ਵਿਚ ਆਉਣ ਲਈ ਬੇਕਰਾਰ ਹੈ। ਉਕਤ ਤਿੰਨੋਂ ਨੇਤਾਵਾਂ ਵਿਚ ਇਕ ਚੀਜ਼ ਆਮ ਹੈ ਕਿ ਇਹ ਤਿੰਨੋਂ ਹੀ ਵਿਜੀਲੈਂਸ ਦੇ ਸ਼ਿਕੰਜੇ ਵਿਚ ਹਨ ।
ਨਾਰੰਗ ਦੀ ਘਾਟ ਪੂਰੀ ਕਰਨਗੇ ‘ਜ਼ਮਾਨਤੀ’ ਨੇਤਾ?
ਪੰਜਾਬ ’ਚ ਭਾਜਪਾ ਖਾਤਿਰ ਕਿਸਾਨਾਂ ਦੀ ਜਲਾਲਤ ਦਾ ਸਾਹਮਣਾ ਕਰਨ ਵਾਲੇ ਸਾਬਕਾ ਵਿਧਾਇਕ ਅਰੁਣ ਨਾਰੰਗ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਭਾਜਪਾ ਅੰਦਰ ਕਾਫ਼ੀ ਹਲਚਲ ਹੈ। ਅਜਿਹੇ ਮਿਹਨਤੀ ਨੇਤਾ ਦੇ ਚਲੇ ਜਾਣ ’ਤੇ ਭਾਜਪਾ ਹਾਈਕਮਾਨ ਵੀ ਖੁਸ਼ ਨਹੀਂ। ਨਾਰੰਗ ਕਾਰਨ ਭਾਜਪਾ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਜਿਸ ਨੂੰ ਪੂਰਾ ਕਰਨ ਲਈ ਵਿਜੀਲੈਂਸ ਦੇ ਸ਼ਿਕੰਜੇ ਵਿਚ ਆਏ ਉਕਤ ਤਿੰਨੋਂ ਜ਼ਮਾਨਤ ’ਤੇ ਘੁੰਮ ਰਹੇ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਲਈ ਜਲਦਬਾਜ਼ੀ ਦਿਖਾਈ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਮਿਹਨਤੀ ਨੇਤਾ ਦੀ ਪੂਰਤੀ ਲੱਖਾਂ-ਕਰੋੜਾਂ ਦੇ ਗਬਨ ਵਿਚ ਸ਼ਾਮਲ ਅਤੇ ਜ਼ਮਾਨਤ ’ਤੇ ਬਾਹਰ ਆਏ ਨੇਤਾਵਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯੁਵਾ ਮੋਰਚਾ ਲਈ ਐੱਨ. ਐੱਸ. ਯੂ. ਆਈ. ਦਾ ਨੇਤਾ ਹੋਵੇਗਾ ਇੰਪੋਰਟ
ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ’ਚ ਭਾਜਪਾ ਯੁਵਾ ਮੋਰਚਾ ਦੇ ਅਹੁਦੇ ’ਤੇ ਵੀ ਇੰਪੋਰਟਿਡ ਕਾਂਗਰਸੀ ਨੇਤਾ ਨੂੰ ਬਿਠਾਏ ਜਾਣ ਦੀ ਤਿਆਰੀ ਚੱਲ ਰਹੀ ਹੈ। ਜਾਣਕਾਰ ਦੱਸਦੇ ਹਨ ਕਿ ਐੱਨ. ਐੱਸ. ਯੂ. ਆਈ. ਨਾਲ ਸਬੰਧਤ ਇਕ ਵੱਡਾ ਨੇਤਾ ਭਾਜਪਾ ਵਿਚ ਆਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਪਾਰਟੀ ਉਸ ਨੂੰ ਪੰਜਾਬ ’ਚ ਯੁਵਾ ਮੋਰਚਾ ਦੀ ਕਮਾਨ ਦੇਣ ਲਈ ਲਗਭਗ ਤਿਆਰ ਹੈ। ਬੇਸ਼ੱਕ ਹੁਣ ਤਕ ਭਾਜਪਾ ਦੇ ਨੇਤਾ ਇਸ ਨਵੀਂ ਡਿਵੈਲਪਮੈਂਟ ’ਤੇ ਕੋਈ ਵੀ ਟਿੱਪਣੀ ਨਹੀਂ ਕਰ ਰਹੇ ਪਰ ਸੂਤਰ ਦੱਸਦੇ ਹਨ ਕਿ ਇਸ ਸਭ ਲਈ ਮੈਦਾਨ ਤਿਆਰ ਹੋ ਚੁੱਕਾ ਹੈ।