ਭਾਰਤ ਨਾਲ ਤਣਾਅ ਦੌਰਾਨ ਜਸਟਿਨ ਟਰੂਡੋ ਨੂੰ ਵੱਡਾ ਝਟਕਾ, ਸਰਕਾਰ ‘ਤੇ ਮੰਡਰਾਉਣ ਲੱਗਾ ਖ਼ਤਰਾ

ਓਟਾਵਾ : ਭਾਰਤ ਨਾਲ ਤਣਾਅ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਵਿਚ ਕੀਤੇ ਗਏ ਨਵੇਂ ਇਪਸੋਸ ਪੋਲ ਅਨੁਸਾਰ ਜਸਟਿਨ ਟਰੂਡੋ ਦੀ ਸਰਕਾਰ ‘ਤੇ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਨਵੇਂ ਪੋਲ ਮੁਤਾਬਕ ਹੁਣ 40 ਫ਼ੀਸਦੀ ਕੈਨੇਡੀਅਨ ਨਾਗਰਿਕਾਂ ਦਾ ਮੰਨਣਾ ਹੈ ਕਿ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰੇ ਨੂੰ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ, ਉਥੇ ਹੀ ਟਰੂਡੋ ਪੀ.ਐੱਮ. ਦੀ ਰੇਸ ਵਿਚ ਪਛੜਦੇ ਹੋਏ ਦੂਜੇ ਨੰਬਰ ‘ਤੇ ਆ ਗਏ ਹਨ।
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ 2025 ਦੀਆਂ ਅਗਲੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਸਰਕਾਰ ਬਣਾਉਣ ਲਈ ਬਹੁਮਤ ਮਿਲਣ ਦੀ ਕਾਫ਼ੀ ਸੰਭਾਵਨਾ ਹੈ। ਕੰਜ਼ਰਵੇਟਿਵ ਲੀਡਰ ਪੀਅਰੇ ਪੋਇਲੀਵਰੇ ਦੀ ਪ੍ਰਸਿੱਧੀ ਲਗਾਤਾਰ ਵੱਧ ਰਹੀ ਹੈ ਅਤੇ 40 ਫ਼ੀਸਦੀ ਕੈਨੇਡੀਅਨਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਲਈ ਸਭ ਤੋਂ ਵਧੀਆ ਪਸੰਦ ਹਨ। ਦੂਜੇ ਪਾਸੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਭ ਤੋਂ ਵਧੀਆ ਵਿਕਲਪ ਮੰਨਣ ਵਾਲੇ ਉੱਤਰਦਾਤਾਵਾਂ ਦੀ ਗਿਣਤੀ ਸਾਲ-ਦਰ-ਸਾਲ 31 ਫ਼ੀਸਦੀ ‘ਤੇ ਸਥਿਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ‘ਤੇ ਪੋਇਲੀਵਰੇ ਨੇ ਕਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਾਰੇ ਤੱਥਾਂ ਨਾਲ ਸਫ਼ਾਈ ਦੇਣੀ ਚਾਹੀਦੀ ਹੈ। ਸਾਨੂੰ ਸਾਰੇ ਸੰਭਵ ਸਬੂਤ ਜਾਣਨ ਦੀ ਜ਼ਰੂਰਤ ਹੈ ਤਾਂ ਜੋ ਕੈਨੇਡੀਅਨ ਇਸ ਬਾਰੇ ਫ਼ੈਸਲਾ ਕਰ ਸਕਣ – ਪ੍ਰਧਾਨ ਮੰਤਰੀ ਨੇ ਕੋਈ ਤੱਥ ਪ੍ਰਦਾਨ ਨਹੀਂ ਕੀਤੇ ਹਨ। ਇਪਸੋਸ ਦੇ ਸੀਈਓ ਡੈਰੇਲ ਬ੍ਰੀਕਰ ਨੇ ਕਿਹਾ ਕਿ ਇਹ ਅੰਤਰ ਦਰਸਾਉਂਦਾ ਹੈ ਕਿ ਜੇਕਰ ਅੱਜ ਚੋਣ ਹੁੰਦੀ ਹੈ ਤਾਂ ਕੰਜ਼ਰਵੇਟਿਵ ਬਹੁਮਤ ਵਾਲੀ ਸਰਕਾਰ ਬਣਾ ਸਕਦੇ ਹਨ।