ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਨਤਮਸਤਕ

ਮਹਿਲਾ ਰਾਖਵਾਂਕਰਨ ਬਿਲ ਨੂੰ ਦੱਸਿਆ ਨਰਿੰਦਰ ਮੋਦੀ ਦਾ ਜੁਮਲਾ
ਅੰਮਿ੍ਰਤਸਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ। ਉਹ ਆਪਣੇ ਕੁੱਝ ਖਾਸ ਸਮਰਥਕਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ। ਆਪਣੀ ਇਸ ਫੇਰੀ ਸਬੰਧੀ ਉਨ੍ਹਾਂ ਅੰਮਿ੍ਰਤਸਰ ਦੀ ਲੋਕਲ ਕਾਂਗਰਸ ਕਮੇਟੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਦ ’ਚ ਪਾਸ ਹੋਏ ਮਹਿਲਾ ਰਾਖਵਾਂਕਰਨ ਬਿਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ੁਮਲਾ ਦੱਸਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਤਾਂ ਉਹ ਗੱਲ ਹੋ ਗਈ ਕਿ ਇਕ ਵਿਅਕਤੀ ਆਪਣੀ ਪਤਨੀ ਲਈ ਸੋਨੇ ਦੇ ਗਹਿਣੇ ਲਿਆਇਆ। ਉਸ ਨੇ ਉਹ ਗਹਿਣੇ ਆਪਣੀ ਪਤਨੀ ਨੂੰ ਦਿਖਾਏ ਅਤੇ ਲਾਕਰ ’ਚ ਰੱਖ ਦਿੱਤੇ ਅਤੇ ਆਪਣੀ ਪਤਨੀ ਨੂੰ ਕਿਹਾ ਕਿ ਜਦੋਂ ਬੱਚੇ ਵੱਡੇ ਹੋ ਜਾਣਗੇ ਤਾਂ ਉਨ੍ਹਾਂ ਦੇ ਵਿਆਹ ਮੌਕੇ ਤੂੰ ਇਹ ਗਹਿਣੇ ਪਹਿਨ ਲਈਂ। ਚੰਨੀ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿਲ ਦਾ ਵੀ ਇਹੀ ਹਾਲ ਹੈ ਕਿਉਂਕਿ ਮਹਿਲਾ ਰਾਖਵਾਂਕਰਨ ਬਿਲ ਨੂੰ ਪਾਸ ਤਾਂ ਜ਼ਰੂਰ ਕਰ ਦਿੱਤਾ ਗਿਆ। ਪ੍ਰੰਤੂ ਇਸ ਨੂੰ ਲਾਗੂ ਹੋਣ ’ਚ 8-10 ਸਾਲ ਹੋਰ ਲੱਗ ਜਾਣਗੇ। ਜਦਕਿ ਮਹਿਲਾ ਰਾਖਵਾਂਕਰਨ ਬਿਲ ਨੂੰ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕਰਨਾ ਚਾਹੀਦਾ ਸੀ। ਇਸ ਮੌਕੇ ਜਦੋਂ ਉਨ੍ਹਾਂ ਨੂੰ ‘ਇੰਡੀਆ ਗੱਠਜੋੜ’ ਅਤੇ ਕਾਂਗਰਸ ਹਾਈ ਕਮਾਂਡ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।