ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ‘ਚ ਬੁੱਧਵਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਦੇ ਪਾਸ ਹੋਣ ਨੂੰ ਭਾਰਤ ਦੀ ਸੰਸਦੀ ਯਾਤਰੀ ਦਾ ਸੁਨਹਿਰੀ ਪਲ਼ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਮਾਂ ਸ਼ਕਤੀ ਦਾ ਭਰੋਸਾ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗਾ। ਮੋਦੀ ਨੇ ਹੇਠਲੇ ਸਦਨ ‘ਚ ਇਸ ਬਿੱਲ ਨੂੰ ਪਾਸ ਕਰਨ ਚ ਵਿਆਪਕ ਸਹਿਯੋਗ ਲਈ ਸੱਤਾ ਪੱਖ ਅਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸਦਨ ਦੀ ਕਾਰਵਾਈ ਜਿਵੇਂ ਹੀ ਦੁਪਹਿਰ 11 ਵਜੇ ਸ਼ੁਰੂ ਹੋਈ ਸਪੀਕਰ ਓਮ ਬਿਰਲਾ ਨੇ ਪ੍ਰਧਾਨ ਮੰਤਰੀ ਨੂੰ ਸਦਨ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਪੂਰੇ ਸਦਨ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸਭਾ ‘ਚ ਬੁੱਧਵਾਰ ਦਾ ਦਿਨ ਭਾਰਤ ਦੀ ਸੰਸਦੀ ਯਾਤਰਾ ਦਾ ਸੁਨਹਿਰੀ ਪਲ਼ ਸੀ। ਉਨ੍ਹਾਂ ਕਿਹਾ,”ਇਸ ਦੇ ਹੱਕਦਾਰ ਇਸ ਸਦਨ ਦੇ ਸਾਰੇ ਮੈਂਬਰ ਹਨ, ਇਸ ਦੇ ਹੱਕਦਾਰ ਸਾਰੇ ਦਲ ਦੇ ਮੈਂਬਰ ਅਤੇ ਸਾਰੇ ਦਲ ਦੇ ਨੇਤਾ ਵੀ ਹਨ।”
ਉਨ੍ਹਾਂ ਕਿਹਾ ਕਿ ਹੇਠਲੇ ਸਦਨ ‘ਚ ਬਿੱਲ ਪਾਸ ਹੋਣ ਨਾਲ ਦੇਸ਼ ਦੀ ਮਾਂ ਸ਼ਕਤੀ ‘ਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜ ਸਭਾ ‘ਚ ਮਹਿਲਾ ਰਾਖਵਾਂਕਰਨ ਬਿੱਲ ਦਾ ਆਖ਼ਰੀ ਪੜਾਅ ਪੂਰਾ ਕਰ ਲੈਣਗੇ ਤਾਂ ਦੇਸ਼ ਦੀ ਮਾਂ ਸ਼ਕਤੀ ਦਾ ਭਰੋਸਾ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਕਿਹਾ,”ਮਾਂ ਸ਼ਕਤੀ ਨੂੰ ਨਵੀਂ ਊਰਜਾ ਦੇਣ ‘ਚ ਤੁਸੀਂ ਸਾਰਿਆਂ ਨੇ ਜੋ ਸਹਿਯੋਗ ਦਿੱਤਾ ਹੈ, ਉਸ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਦਿਲੋਂ ਧੰਨਵਾਦ ਕਰਨ ਲਈ ਖੜ੍ਹਾ ਹੋਇਆ ਹਾਂ।” ਲੋਕ ਸਭਾ ਨੇ ਮਹਿਲਾ ਰਾਖਵਾਂਕਰਨ ਸੰਬੰਧੀ ਸੰਵਿਧਾਨ (128ਵਾਂ ਸੋਧ) ਬਿੱਲ 2023 ਬੁੱਧਵਾਰ ਨੂੰ ਕਰੀਬ 8 ਘੰਟੇ ਦੀ ਚਰਚਾ ਤੋਂ ਬਾਅਦ 2 ਦੇ ਮੁਕਾਬਲੇ 454 ਵੋਟਾਂ ਨਾਲ ਆਪਣੀ ਮਜ਼ੂਰੀ ਦਿੱਤੀ। ਹੇਠਲੇ ਸਦਨ ‘ਚ ਕਾਂਗਰਸ, ਸਪਾ, ਦਰਮੁਕ, ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਦਲਾਂ ਨੇ ਬਿੱਲ ਦਾ ਸਮਰਥਨ ਕੀਤਾ।