ਪਰਿਨੀਤੀ ਨੂੰ ਵਿਆਹੁਣ ਲਈ ਕਿਸ਼ਤੀ ‘ਚ ਜਾਵੇਗਾ ਰਾਘਵ

ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਗਾਮੀ 24 ਸਤੰਬਰ ਨੂੰ ਵਿਆਹ ਬੰਧਨ ‘ਚ ਬੱਝਣਗੇ। ਸੂਤਰਾਂ ਦੀ ਮੰਨੀਏ ਤਾਂ ਰਾਘਵ ਚੱਢਾ ਆਪਣੀ ਬਰਾਤ ਕਿਸ਼ਤੀ ‘ਤੇ ਲੈ ਕੇ ਜਾਣਗੇ। ਰਾਘਵ ਅਤੇ ਪਰਿਨੀਤੀ ਦਾ ਵਿਆਹ ਰਾਜਸਥਾਨ ਦੇ ਉਦੈਪੁਰ ‘ਚ ਹੋਵੇਗਾ। ਸੂਤਰਾਂ ਮੁਤਾਬਿਕ ਬਰਾਤ 24 ਸਤੰਬਰ ਨੂੰ ਚੜ੍ਹੇਗੀ।
ਪਿਚੋਲਾ ਝੀਲ ਦੇ ਐਨ ਵਿਚਾਲੇ ਬਣੇ ਹੋਟਲ ਤਾਜ ‘ਚ ਰਾਘਵ ਦੀ ਸਿਹਰਾਬੰਦੀ ਹੋਵੇਗੀ। ਉਸ ਤੋਂ ਬਾਅਦ ਰਾਘਵ ਚੱਢਾ ਕਿਸ਼ਤੀ ਰਾਹੀਂ ਬਰਾਤ ਲੈ ਕੇ ਹੋਟਲ ਲੀਲਾ ਨੇੜੇ ਪੁੱਜੇਗਾ। ਲੀਲਾ ਹੋਟਲ ਪਿਚੋਲਾ ਝੀਲ ਦੇ ਨੇੜੇ ਸਥਿਤ ਹੈ। ਤਾਜ ਹੋਟਲ ਅਤੇ ਸਿਟੀ ਪੈਲੇਸ ਦੇ ਕਮਰਿਆਂ ‘ਚੋਂ ਇਹ ਝੀਲ ਦੇਖੀ ਜਾ ਸਕਦੀ ਹੈ ਜਿਥੇ ਰਾਘਵ ਅਤੇ ਪਰਿਨੀਤੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਦੀ ਸਜਾਵਟ ‘ਚ ਮੇਵਾੜੀ ਸਭਿਆਚਾਰ ਦੀ ਝਲਕ ਦਿਖਾਈ ਦੇਵੇਗੀ।
ਲਾੜਾ-ਲਾੜੀ ਦੇ ਕਮਰਿਆਂ ਸਮੇਤ ਹੋਟਲ ‘ਚ ਮਹਿਮਾਨਾਂ ਲਈ ਬੁੱਕ ਕੀਤੇ ਗਏ ਕਮਰਿਆਂ ਨੂੰ ਵੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਹੋਟਲ ‘ਚ ਵਿਆਹ ਲਈ ਤਿੰਨ ਵਿਸ਼ੇਸ਼ ਵੈਨਿਊ ਮੇਵਾੜ, ਮੇਵਾੜ ਟੈਰੇਸ ਅਤੇ ਮਾਰਵਾੜ ਰੱਖੇ ਗਏ ਹਨ ਜਿੱਥੇ ਵਿਆਹ ਦੀਆਂ ਰਸਮਾਂ ਮੁਕੰਮਲ ਹੋਣਗੀਆਂ। ਹੋਟਲ ਦੇ ਕਮਰਿਆਂ ਨੂੰ ਅੱਠ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਰੋਜ਼ ਦਾ ਕਿਰਾਇਆ 47 ਹਜ਼ਾਰ ਤੋਂ 10 ਲੱਖ ਰੁਪਏ ਤਕ ਹੋਵੇਗਾ।