ਭਾਰਤ ਦੀ ਕੈਨੇਡੀਅਨ ਡਿਪਲੋਮੈਟ ਖ਼ਿਲਾਫ਼ ਕਾਰਵਾਈ ਮਗਰੋਂ ਜਸਟਿਨ ਟਰੂਡੋ ਦਾ ਵੱਡਾ ਬਿਆਨ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਉਹ ‘ਭਾਰਤ ਨੂੰ ਭੜਕਾਉਣਾ ਜਾਂ ਤਣਾਅ ਵਧਾਉਣਾ’ ਨਹੀਂ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਨਵੀਂ ਦਿੱਲੀ ਤੋਂ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਨੂੰ “ਬਹੁਤ ਗੰਭੀਰਤਾ ਨਾਲ” ਲੈਣ ਦੀ ਅਪੀਲ ਕੀਤੀ। ਜੂਨ ਵਿਚ ਇਕ ਖਾਲਿਸਤਾਨੀ ਆਗੂ ਦੀ ਹੱਤਿਆ ਵਿਚ ਭਾਰਤ ਦੀ “ਸੰਭਵ” ਸ਼ਮੂਲੀਅਤ ਨੂੰ ਲੈ ਕੇ ਟਰੂਡੋ ਦੇ ਦੋਸ਼ਾਂ ਨੂੰ ਲੈ ਕੇ ਕੈਨੇਡਾ ਵੱਲੋਂ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਤੋਂ ਕੁਝ ਘੰਟੇ ਬਾਅਦ, ਭਾਰਤ ਨੇ ਮੰਗਲਵਾਰ ਨੂੰ ਇਕ ਕੈਨੇਡੀਅਨ ਡਿਪਲੋਮੈਟ ਨੂੰ ਕੱਢਣ ਦਾ ਫ਼ੈਸਲਾ ਕੀਤਾ। ਟਰੂਡੋ ਦਾ ਇਹ ਬਿਆਨ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਆਇਆ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ “ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ।” ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਅਜਿਹਾ ਕਰ ਕੇ ਤਣਾਅ ਨੂੰ ਭੜਕਾਉਣ ਜਾਂ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਸੀਂ ਹਰ ਚੀਜ਼ ਨੂੰ ਸਪੱਸ਼ਟ ਕਰਨ ਅਤੇ ਸਹੀ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।”
ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ”ਬੇਬੁਨਿਆਦ” ਕਹਿ ਕੇ ਸਿਰੇ ਤੋਂ ਰੱਦ ਕਰ ਦਿੱਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਖ਼ਾਲਿਸਤਾਨੀ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ ਸਰਕਾਰ ਦੇ ਏਜੰਟ ਵਿਚਕਾਰ “ਸੰਭਾਵਤ ਤੌਰ ‘ਤੇ ਕੁਝ ਸਬੰਧ” ਸਨ। ਟਰੂਡੋ ਵੱਲੋਂ ਸੰਸਦ ਵਿਚ ਇਸ ਸਬੰਧ ਵਿਚ ਦੋਸ਼ ਲਾਏ ਜਾਣ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਐਲਾਨ ਕੀਤਾ ਕਿ ਇਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਕੈਨੇਡਾ ਵਿਚੋਂ ਕੱਢ ਦਿੱਤਾ ਗਿਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ‘ਚ ਇਕ ਗੁਰਦੁਆਰੇ ਦੇ ਬਾਹਰ 18 ਜੂਨ ਨੂੰ ਕੈਨੇਡਾ ਦੇ ਨਾਗਰਿਕ ਨਿੱਝਰ ਦੀ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਰੂਡੋ ਨੇ ਸੋਮਵਾਰ ਨੂੰ ਸੰਸਦ ਨੂੰ ਦੱਸਿਆ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਜੂਨ ਵਿਚ ਨਿੱਝਰ ਦੀ ਹੱਤਿਆ ਅਤੇ ਭਾਰਤ ਸਰਕਾਰ ਦੇ ਇਕ ਏਜੰਟ ਵਿਚਕਾਰ “ਸੰਭਾਵੀ ਸਬੰਧ ਦੇ ਮਜ਼ਬੂਤ ​​ਦੋਸ਼ਾਂ” ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ।