ਛੱਤੀਸਗੜ੍ਹ : ਸੁਰੱਖਿਆ ਕਰਮੀਆਂ ਨਾਲ 2 ਮਹਿਲਾ ਨਕਸਲੀ ਢੇਰ

ਰਾਏਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ‘ਚ ਬੁੱਧਵਾਰ ਨੂੰ ਸੁਰੱਖਿਆ ਕਰਮੀਆਂ ਨੇ ਮੁਕਾਬਲੇ ‘ਚ 2 ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੰਤੇਵਾੜਾ ਅਤੇ ਸੁਕਮਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਨਗਰਮ-ਪੋਰੋ ਹਿਰਮਾ ਪਿੰਡ ਦੇ ਜੰਗਲ ‘ਚ ਸੁਰੱਖਿਆ ਫ਼ੋਰਸਾਂ ਨੇ 2 ਮਹਿਲਾ ਨਕਸਲੀਆਂ ਨੂੰ ਮਾਰ ਸੁੱਟਿਆ ਹੈ। ਉਨ੍ਹਾਂ ਦੱਸਿਆ ਕਿ ਅਰਨਪੁਰ ਪੁਲਸ ਥਾਣਾ ਖੇਤਰ ‘ਚ ਰਾਜ ਪੁਲਸ ਦੀ ਇਕਾਈ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਦਲ ਨੂੰ ਗਸ਼ਤ ‘ਤੇ ਰਵਾਨਾ ਕੀਤਾ ਗਿਆ ਸੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦਲ ਜਦੋਂ ਬੁੱਧਵਾਰ ਸਵੇਰੇ ਲਗਭਗ 7 ਵਜੇ ਦੰਤੇਵਾੜਾ-ਸੁਕਮਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਨਗਰਮ-ਪੋਰੋ ਹਿਰਮਾ ਪਿੰਡ ਦੇ ਜੰਗਲ ‘ਚ ਸੀ, ਉਦੋਂ ਨਕਸਲੀਆਂ ਨੇ ਸੁਰੱਖਿਆ ਫ਼ੋਰਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੇ ਜਦੋਂ ਜਵਾਬੀ ਕਾਰਵਾਈ ਕੀਤੀ, ਉਦੋਂ ਨਕਸਲੀ ਉੱਥੋਂ ਦੌੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ‘ਚ ਹਾਦਸੇ ਵਾਲੇ ਸਥਾਨ ਦੀ ਤਲਾਸ਼ੀ ਲੈਣ ‘ਤੇ ਸੁਰੱਖਿਆ ਫ਼ੋਰਸਾਂ ਨੂੰ ਉੱਥੇ ਇਕ ਇੰਸਾਸ ਰਾਈਫ਼ਲ, 12 ਬੋਰ ਦਾ ਇਕ ਰਾਈਫ਼ਲ ਅਤੇ 2 ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।