ਕੇਜਰੀਵਾਲ ਦੀ ਪ੍ਰਧਾਨਗੀ ਵਾਲੀ NCCSA ਦੀ ਬੈਠਕ ਅੱਜ, ਇਨ੍ਹਾਂ ਮੁੱਦਿਆਂ ‘ਤੇ ਹੋ ਸਕਦੀ ਹੈ ਚਰਚਾ

ਨਵੀਂ ਦਿੱਲੀ- ਦਿੱਲੀ ਸਿਵਲ ਸੇਵਾ ਅਥਾਰਟੀ (ਐੱਨ.ਸੀ.ਸੀ.ਐੱਸ.ਏ.) ਦੀ ਅੱਜ ਯਾਨੀ ਬੁੱਧਵਾਰ ਨੂੰ ਅਹਿਮ ਬੈਠਕ ਹੋਵੇਗੀ। ਇਕ ਰਿਪੋਰਟ ਅਨੁਸਾਰ ਬੈਠਕ ਦੌਰਾਨ 12 ਆਈ.ਏ.ਐੱਸ. ਅਤੇ ਦਾਨਿਕਸ ਅਧਿਕਾਰੀਆਂ ਦੇ ਟਰਾਂਸਫਰ ਅਤੇ ਪੋਸਟਿੰਗ ‘ਤੇ ਫੈਸਲੇ ਕੀਤੇ ਜਾ ਸਕਦੇ ਹਨ। ਆਈ.ਏ.ਐੱਸ. ਅਧਿਕਾਰੀਆਂ ਦੀ ਨਿਯੁਕਤੀ ਨਾ ਹੋਣ ਨਾਲ ਦਿੱਲੀ ਸਰਕਾਰ ‘ਚ ਇਕ-ਇਕ ਆਈ.ਏ.ਐੱਸ. ਨੂੰ ਤਿੰਨ-ਤਿੰਨ ਮਹੱਤਵਪੂਰਨ ਵਿਭਾਗ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਬੈਠਕ ਲਈ ਐੱਨ.ਸੀ.ਸੀ.ਐੱਸ.ਏ. ਵਲੋਂ 28 ਅਗਸਤ ਨੂੰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ।
ਐੱਨ.ਸੀ.ਸੀ.ਐੱਸ.ਏ. ‘ਚ ਤਿੰਨ ਮੈਂਬਰੀ ਕਮੇਟੀ ਦੇ ਪ੍ਰਧਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ, ਜਦੋਂ ਕਿ ਇਸ ‘ਚ ਮੁੱਖ ਸਕੱਤਰ ਨਰੇਸ਼ ਕੁਮਾਰ ਅਤੇ ਪ੍ਰਧਾਨ ਸਕੱਤਰ (ਗ੍ਰਹਿ) ਅਸ਼ਵਨੀ ਕੁਮਾਰ ਕਾਰਜਕਾਰੀ ਮੈਂਬਰ ਹਨ। ਇਸ ਤੋਂ ਪਹਿਲਾਂ ਐੱਨ.ਸੀ.ਸੀ.ਐੱਸ.ਏ. ਦੀ ਪਹਿਲੀ ਬੈਠਕ 20 ਅਤੇ 29 ਜੂਨ ਨੂੰ ਹੋਈ ਸੀ ਪਰ ਏਜੰਡੇ ‘ਤੇ ਫ਼ੈਸਲਾ ਨਹੀਂ ਹੋ ਸਕਿਆ ਸੀ। ਉਸ ਤੋਂ ਬਾਅਦ 29 ਜੂਨ, ਫਿਰ 7, 14 ਅਤੇ 21 ਜੁਲਾਈ ਨੂੰ ਵੀ ਬੈਠਕ ਨਹੀਂ ਹੋ ਸਕੀ ਸੀ, 28 ਜੁਲਾਈ ਨੂੰ ਤਿੰਨ ਮੈਂਬਰਾਂ ‘ਚੋਂ ਮੁੱਖ ਮੰਤਰੀ ਨੂੰ ਛੱਡ ਕੇ ਹੋਰ ਦੋਹਾਂ ਮੈਂਬਰਾਂ ਨੇ ਬੈਠਕ ਕੀਤੀ ਅਤੇ ਪ੍ਰਸਤਾਵ ਨੂੰ ਪਾਸ ਕਰ ਕੇ ਐੱਲ.ਜੀ. ਕੋਲ ਇਜਾਜ਼ਤ ਲਈ ਭੇਜ ਦਿੱਤਾ। ਇਸ ਦੇ ਬਾਅਦ 21 ਅਗਸਤ ਨੂੰ 8ਵੀਂ ਬੈਠਕ ਲਈ ਕੋਈ ਨਵੀਂ ਤਾਰੀਖ਼ ਤੈਅ ਮੁੜ ਤੋਂ ਮੁਲਤਵੀ ਕਰ ਦਿੱਤੀ ਗਈ।