ਸੰਕਟ ਦੇ ਦੌਰ ‘ਚੋਂ ਲੰਘ ਰਹੇ ਪਾਕਿਸਤਾਨ ਨਾਲ ਅਮਰੀਕਾ ਨੇ ਕੀਤੀ ਗੁਪਤ ਡੀਲ, ਮਿਲੀ 3 ਅਰਬ ਡਾਲਰ ਦੀ ਮਦਦ

ਪਾਕਿ – ਪਾਕਿਸਤਾਨ ਦੀ ਪਿਛਲੇ ਕਾਫ਼ੀ ਸਮੇਂ ਤੋਂ ਡਿਗਦੀ ਹੋਈ ਆਰਥਿਕ ਸਥਿਤੀ ਕਿਸੇ ਕੋਲੋਂ ਲੁਕੀ ਹੋਈ ਨਹੀਂ ਹੈ। ਪਾਕਿਸਤਾਨ ਇਨ੍ਹੀਂ ਦਿਨੀਂ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ। ਪਾਕਿਸਤਾਨ ਕਈ ਦੇਸ਼ਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਉਹਨਾਂ ਦੀ ਆਰਥਿਕ ਮਦਦ ਕਰਨ। ਇਸ ਸਮੇਂ ਪਾਕਿ ਆਪਣਾ ਕਰਜ਼ਾ ਉਤਾਰਨ ਲਈ ਕਿਸੇ ਵੀ ਰਾਹ ‘ਤੇ ਜਾਣ ਲਈ ਤਿਆਰ ਹੈ। ਸੂਤਰਾਂ ਅਨੁਸਾਰ IMF (ਅੰਤਰਰਾਸ਼ਟਰੀ ਮੁਦਰਾ ਫੰਡ) ਵੱਲੋਂ ਪਾਕਿਸਤਾਨ ਨੂੰ 3 ਅਰਬ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਦੇਸ਼ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੂੰ ਇਹ ਮਦਦ ਅਮਰੀਕਾ ਨਾਲ ਇਕ ਗੁਪਤ ਡੀਲ ਕਾਰਨ ਮਿਲੀ ਹੈ। ਇਸ ਸੌਦੇ ਅਨੁਸਾਰ ਪਾਕਿਸਤਾਨ ਨੂੰ ਇਹ ਵਿੱਤੀ ਮਦਦ ਅਮਰੀਕਾ ਨਾਲ ਪਿਛਲੇ ਸਾਲ ਹੋਈ ਇਕ ਬੇਲਆਉਟ ਡੀਲ ਤਹਿਤ ਯੂਕ੍ਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਮਿਲੀ ਹੈ। ਪਾਕਿਸਤਾਨ ਨੂੰ ਆਪਣੀ ਡਿਗਦੀ ਹੋਈ ਆਰਥਿਕਤਾ ਨੂੰ ਬਚਾਉਣ ਲਈ ਇਹ ਮਦਦ ਬਹੁਤ ਕਾਰਗਰ ਸਾਬਿਤ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਡੀਲ ਅਮਰੀਕਾ ਦੇ ਦਬਾਅ ਕਾਰਨ ਹੋਈ ਹੈ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸੌਦੇ ਦੀ ਆਮ ਜਨਤਾ ਨੂੰ ਸੂਹ ਵੀ ਨਹੀਂ ਲੱਗਣ ਦਿੱਤੀ ਗਈ। ਪਰ ਹੁਣ ਇਸ ਵਿੱਤੀ ਮਦਦ ਕਾਰਨ ਪਾਕਿਸਤਾਨ ਨੂੰ ਆਪਣੇ ਦੇਸ਼ ‘ਚ ਕੁਝ ਹੱਦ ਤੱਕ ਸਥਿਰਤਾ ਲਿਆਉਣ ‘ਚ ਮਦਦ ਮਿਲੇਗੀ। ਯੂਕ੍ਰੇਨ ਕੋਲ ਜੰਗ ਲਈ ਜ਼ਰੂਰੀ ਹਥਿਆਰਾਂ ਦੀ ਕਮੀ ਹੈ। ਜਿਸ ਕਾਰਨ ਉਸ ਨੂੰ ਹਥਿਆਰ ਦੂਜੇ ਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਨੇ ਗੁਪਤ ਹਥਿਆਰਾਂ ਦੀ ਖਰੀਦ ਦੇ ਬਦਲੇ ਇਸ ਸਾਲ ਦੇ ਸ਼ੁਰੂ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਦੇ ਲਈ ਆਈਐੱਮਐੱਫ ਬੇਲਆਊਟ ਪੈਕੇਜ ਦਾ ਸੌਦਾ ਪੱਕਾ ਕੀਤਾ ਸੀ। ਇਹ ਸੌਦਾ ਯੂਕਰੇਨ ਦੀ ਫੌਜ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਮਕਸਦ ਨਾਲ ਸਬੰਧਤ ਸੀ।