PGI ਦੀ ਨਰਸ ਨਾਲ ਜਬਰ-ਜ਼ਿਨਾਹ ਕਰਨ ਵਾਲਾ ਗ੍ਰਿਫ਼ਤਾਰ

ਚੰਡੀਗੜ੍ਹ : ਪੀ. ਜੀ. ਆਈ. ਦੀ ਨਰਸ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵਿਚ ਸੈਕਟਰ-11 ਥਾਣਾ ਨੇ ਕੇਰਲਾ ਦੇ ਤ੍ਰਿਵੇਂਦਰਮ ਦੇ ਟੀ. ਐੱਮ. ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮ ਪੀ. ਜੀ. ਆਈ. ਲੈਬ ਵਿਚ ਅਟੈਂਡੈਂਟ ਵਜੋਂ ਤਾਇਨਾਤ ਸੀ। ਇਸ ਦੌਰਾਨ ਉਸ ਦੀ ਪੀ. ਜੀ. ਆਈ. ਵਿਚ ਨਰਸ ਵਜੋਂ ਕੰਮ ਕਰਦੀ ਇਕ ਔਰਤ ਨਾਲ ਜਾਣ-ਪਛਾਣ ਹੋ ਗਈ ਸੀ।
ਬਾਅਦ ਵਿਚ ਮੁਲਜ਼ਮ ਨੇ ਪੀ. ਜੀ. ਆਈ. ਤੋਂ ਨੌਕਰੀ ਛੱਡ ਦਿੱਤੀ ਪਰ ਪੀੜਤਾ ਦੇ ਸੰਪਰਕ ਵਿਚ ਰਹਿ ਕੇ ਔਰਤ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਿਕ ਮੁਲਜ਼ਮ ਦਾ ਔਰਤ ਨਾਲ ਪੈਸਿਆਂ ਦਾ ਕੁੱਝ ਲੈਣ-ਦੇਣ ਵੀ ਸੀ। ਥਾਣਾ ਪੁਲਸ ਅਨੁਸਾਰ ਫਿਲਹਾਲ ਉਹ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟੇ ਹੋਏ ਹਨ। ਪਤਾ ਲੱਗਾ ਹੈ ਕਿ ਪੀੜਤਾ ਵਿਧਵਾ ਹੈ। ਇਸ ਦਾ ਫ਼ਾਇਦਾ ਚੁੱਕਦਿਆਂ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 10 ਅਗਸਤ ਨੂੰ ਸੈਕਟਰ-11 ਥਾਣੇ ਦੀ ਪੁਲਸ ਨੇ ਜਬਰ-ਜ਼ਿਨਾਹ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।