ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਰਾਜਧਾਨੀ ‘ਚ ਹਾਲ ਹੀ ‘ਚ ਸੰਪੰਨ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਦਾ ਸਿਹਰਾ ਦੇਸ਼ ਦੀ ਸਾਰੀ ਜਨਤਾ ਨੂੰ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਹ ਕਿਸੇ ਵਿਅਕਤੀ ਜਾਂ ਕਿਸੇ ਇਕ ਪਾਰਟੀ ਦੀ ਸਫ਼ਲਤਾ ਨਹੀਂ ਹੈ। ਪੀ.ਐੱਮ. ਮੋਦੀ ਨੇ ਲੋਕ ਸਭਾ ‘ਚ ‘ਸੰਵਿਧਾਨ ਸਭਾ ਤੋਂ ਸ਼ੁਰੂ ਹੋਈ 75 ਸਾਲਾਂ ਦੀ ਸੰਸਦੀ ਯਾਤਰੀ- ਉਪਲੱਬਧੀਆਂ, ਅਨੁਭਵ, ਯਾਦਾਂ’ ਵਿਸ਼ੇ ‘ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਹਰ ਕਿਸੇ ਲਈ ਜਸ਼ਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜੀ-20 ਦੀ ਸਫ਼ਲਤਾ 140 ਕਰੋੜ ਭਾਰਤੀਆਂ ਦੀ ਸਫ਼ਲਤਾ ਹੈ, ਕਿਸੇ ਇਕ ਵਿਅਕਤੀ ਜਾਂ ਇਕ ਪਾਰਟੀ ਦੀ ਨਹੀਂ।
ਪ੍ਰਧਾਨ ਮੰਤਰੀ ਨੇ ਪੁਰਾਣੇ ਸੰਸਦ ਭਵਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਕੰਪਲੈਕਸ ਦੇ ਨਿਰਮਾਣ ਦਾ ਫ਼ੈਸਲਾ ਭਾਵੇਂ ਹੀ ਵਿਦੇਸ਼ੀ ਸ਼ਾਸਕਾਂ ਨੇ ਕੀਤਾ ਸੀ ਪਰ ਇਸ ਦਾ ਨਿਰਮਾਣ ਭਾਰਤ ਦੇ ਲੋਕਾਂ ਦੀ ਸਖ਼ਤ ਮਿਹਨਤ, ਪਸੀਨੇ ਅਤੇ ਪੈਸਿਆਂ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 75 ਸਾਲਾਂ ‘ਚ ਕਈ ਲੋਕਤੰਤਰੀ ਪਰੰਪਰਾਵਾਂ ਬਣੀਆਂ ਅਤੇ ਇਸ ‘ਚ ਸਾਰਿਆਂ ਨੇ ਯੋਗਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,”ਅਸੀਂ ਨਵੀਂ ਇਮਾਰਤ ‘ਚ ਜਾ ਸਕਦੇ ਹਾਂ ਪਰ ਪੁਰਾਣੀ ਇਮਾਰਤ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।” ਉਨ੍ਹਾਂ ਕਿਹਾ,”ਪੁਰਾਣੇ ਸੰਸਦ ਭਵਨ ਨੂੰ ਅਲਵਿਦਾ ਕਹਿਣਾ ਇਕ ਭਾਵਨਾਤਮਕ ਪਲ ਹੈ, ਇਸ ਲਈ ਕਈ ਖੱਟੀਆਂ-ਮਿੱਟੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਹ ਭਾਰਤ ਦੀ ਯਾਤਰਾ ਦਾ ਇਕ ਮਹੱਤਵਪੂਰਨ ਅਧਿਆਏ ਹੈ। ਨਵੇਂ ਕੰਪਲੈਕਸ ‘ਚ ਜਾਣ ਤੋਂ ਪਹਿਲਾਂ ਇਸ ਸੰਸਦ ਭਵਨ ਨਾਲ ਜੁੜੇ ਪ੍ਰੇਰਨਾਦਾਇਕ ਪਲਾਂ ਨੂੰ ਯਾਦ ਕਰਨ ਦਾ ਸਮਾਂ ਆ ਗਿਆ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਹਿਰੂ ਤੋਂ ਲੈ ਕੇ ਸ਼ਾਸਤਰੀ ਅਤੇ ਵਾਜਪਾਈ ਤੱਕ, ਇਸ ਸੰਸਦ ਨੇ ਕਈ ਨੇਤਾਵਾਂ ਨੂੰ ਭਾਰਤ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਦੇ ਹੋਏ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਦ ਭਵਨ ‘ਚ ਕਈ ਮੌਕੇ ਅਜਿਹੇ ਆਏ, ਜਦੋਂ ਮੈਂਬਰਾਂ ਦੇ ਹੰਝੂ ਵੀ ਵਗੇ। ਉਨ੍ਹਾਂ ਨੇ ਤਿੰਨ-ਤਿੰਨ ਪ੍ਰਧਾਨ ਮੰਤਰੀਆਂ- ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਾਹਦਰ ਸ਼ਾਸਤਰੀ ਅਤੇ ਇੰਦਰਾ ਗਾਂਧੀ ਦੇ ਦਿਹਾਂਤ ‘ਤੇ ਮੈਂਬਰਾਂ ਦੀ ਘਬਰਾਹਟ ਦਾ ਵੀ ਜ਼ਿਕਰ ਕੀਤਾ।