CM ਖੱਟੜ ਨੇ ਅਨੰਤਨਾਗ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਢੋਚਕ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਹਰਿਆਣਾ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਪਾਨੀਪਤ ਜਾ ਕੇ ਫ਼ੌਜ ਦੇ ਸ਼ਹੀਦ ਮੇਜਰ ਆਸ਼ੀਸ਼ ਢੋਚਕ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹਮਦਰਦੀ ਜ਼ਾਹਰ ਕੀਤੀ। ਮੇਜਰ ਢੋਚਕ ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਹਾਲ ‘ਚ ਹੋਏ ਮੁਕਾਬਲੇ ‘ਚ ਸ਼ਹੀਦ ਹੋ ਗਏ। ਪਾਨੀਪਤ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੱਟੜ ਨੇ ਸ਼ਹੀਦ ਫ਼ੌਜ ਅਧਿਕਾਰੀ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦ ਮੇਜਰ ਢੋਚਕ ਦੀ ਪਤਨੀ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਖੱਟੜ ਨੇ ਕਿਹਾ,”ਮੇਜਰ ਢੋਚ ਨੇ ਦੇਸ਼ ਲਈ ਸਰਵਉੱਚ ਬਲੀਦਾਨ ਦਿੱਤਾ ਹੈ। ਦੁੱਖ ਦੀ ਇਸ ਘੜੀ ‘ਚ ਅਸੀਂ ਪਰਿਵਾਰ ਨਾਲ ਹਾਂ।” ਉਨ੍ਹਾਂ ਕਿਹਾ ਕਿ ਪਿੰਡ ਦੀ ਪਾਰਕ ਦਾ ਨਾਮ ਵੀ ਮੇਜਰ ਢੋਚਕ ਦੇ ਨਾਂ ‘ਤੇ ਰੱਖਿਆ ਜਾਵੇਗਾ। ਅੱਤਵਾਦੀਆਂ ਨਾਲ ਬੁੱਧਵਾਰ ਸਵੇਰੇ ਮੁਕਾਬਲੇ ‘ਚ ਫ਼ੌਜ ਦੀ 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਧਿਕਾਰੀ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਢੋਚਕ, ਜੰਮੂ ਕਸ਼ਮੀਰ ਪੁਲਸ ਦੇ ਡਿਪਟੀ ਕਮਿਸ਼ਨ ਹੁਮਾਯੂੰ ਭੱਟ ਅਤੇ ਫ਼ੌਜ ਦੇ ਜਵਾਨ ਸ਼ਹੀਦ ਹੋ ਗਏ ਸਨ।