ਮਣੀਪੁਰ ‘ਚ ਫ਼ੌਜ ਦੇ ਜਵਾਨ ਦਾ ਕਤਲ, 3 ਹਥਿਆਰਬੰਦ ਬਦਮਾਸ਼ਾਂ ਨੇ ਅਗਵਾ ਕਰ ਸਿਰ ‘ਚ ਮਾਰੀ ਗੋਲ਼ੀ

ਨੈਸ਼ਨਲ ਡੈਸਕ : ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਨਿੰਗਥੇਕ ਪਿੰਡ ‘ਚ ਐਤਵਾਰ ਨੂੰ ਭਾਰਤੀ ਫ਼ੌਜ ਦੇ ਇਕ ਜਵਾਨ ਦੀ ਲਾਸ਼ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜੀ ਦੀ ਪਛਾਣ ਕੰਗਪੋਕਪੀ ਜ਼ਿਲ੍ਹੇ ਦੇ ਲਿਮਾਖੋਂਗ ਵਿਖੇ ਫ਼ੌਜ ਦੀ ਰੱਖਿਆ ਸੁਰੱਖਿਆ ਕੋਰ (ਡੀਐੱਸਸੀ) ਪਲਟਨ ਦੇ ਸੇਰਟੋ ਥੈਂਗਥਾਂਗ ਕੋਮ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇੰਫਾਲ ਪੱਛਮੀ ਦੇ ਤਰੰਗ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਛੁੱਟੀ ‘ਤੇ ਗਏ ਕਾਂਸਟੇਬਲ ਕੋਮ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਸੀ।
ਮਾਮਲੇ ਦੇ ਚਸ਼ਮਦੀਦ ਗਵਾਹ ਅਤੇ ਕੋਮ ਦੇ 10 ਸਾਲਾ ਬੇਟੇ ਦੇ ਅਨੁਸਾਰ 3 ਵਿਅਕਤੀ ਉਸ ਦੇ ਘਰ ‘ਚ ਦਾਖਲ ਹੋਏ, ਜਦੋਂ ਉਹ ਆਪਣੇ ਪਿਤਾ ਨਾਲ ਵਰਾਂਡੇ ਵਿੱਚ ਕੰਮ ਕਰ ਰਿਹਾ ਸੀ। ਅਧਿਕਾਰੀਆਂ ਨੇ ਉਸ ਦੇ ਬੇਟੇ ਦੇ ਹਵਾਲੇ ਨਾਲ ਕਿਹਾ, ”ਹਥਿਆਰਬੰਦਾਂ ਨੇ ਬੰਦੂਕ ਦੀ ਨੋਕ ‘ਤੇ ਕਾਂਸਟੇਬਲ ਨੂੰ ਚਿੱਟੇ ਰੰਗ ਦੀ ਗੱਡੀ ‘ਚ ਬਿਠਾਇਆ ਅਤੇ ਮੌਕੇ ਤੋਂ ਫਰਾਰ ਹੋ ਗਏ।” ਉਨ੍ਹਾਂ ਕਿਹਾ, ”ਐਤਵਾਰ ਸਵੇਰ ਤੱਕ ਕਾਂਸਟੇਬਲ ਕੋਮ ਦੀ ਕੋਈ ਖ਼ਬਰ ਨਹੀਂ ਸੀ। ਉਸ ਦੀ ਲਾਸ਼ ਸਵੇਰੇ 9.30 ਵਜੇ ਦੇ ਕਰੀਬ ਇੰਫਾਲ ਪੂਰਬੀ ਜ਼ਿਲ੍ਹੇ ਦੇ ਪਿੰਡ ਖੁਨਿੰਗਥੇਕ ਤੋਂ ਮਿਲੀ।
ਅਧਿਕਾਰੀਆਂ ਮੁਤਾਬਕ ਜਵਾਨ ਦੀ ਪਛਾਣ ਉਸ ਦੇ ਭਰਾ ਅਤੇ ਰਿਸ਼ਤੇਦਾਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਪਾਹੀ ਦੇ ਸਿਰ ‘ਤੇ ਗੋਲ਼ੀ ਦਾ ਨਿਸ਼ਾਨ ਸੀ। ਸਿਪਾਹੀ ਕੋਮ ਆਪਣੇ ਪਿੱਛੇ ਪਤਨੀ, ਧੀ ਅਤੇ ਬੇਟਾ ਛੱਡ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੰਤਿਮ ਸੰਸਕਾਰ ਪਰਿਵਾਰ ਦੀ ਇੱਛਾ ਅਨੁਸਾਰ ਕੀਤਾ ਜਾਵੇਗਾ। ਫ਼ੌਜ ਨੇ ਦੁਖੀ ਪਰਿਵਾਰ ਦੀ ਮਦਦ ਲਈ ਟੀਮ ਭੇਜੀ ਹੈ।