ਅੱਜ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਵਿਸ਼ੇਸ਼ ਸੈਸ਼ਨ, ਸਰਕਾਰ ਨੇ ਦੱਸਿਆ ਏਜੰਡਾ

ਨੈਸ਼ਨਲ ਡੈਸਕ : ਸੰਸਦ ਦੇ 5 ਦਿਨਾਂ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਤੋਂ ਹੋਵੇਗੀ। ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ ਕਿ ਕੀ ਸਰਕਾਰ ਇਸ ਦੌਰਾਨ ਕੁੱਝ ਹੈਰਾਨੀਜਨਕ ਚੀਜ਼ਾਂ ਪੇਸ਼ ਕਰੇਗੀ। ਸੈਸ਼ਨ ‘ਚ ਸੰਸਦ ਦੇ 75 ਸਾਲ ਦੇ ਸਫ਼ਰ ‘ਤੇ ਚਰਚਾ ਅਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਣੇ 4 ਬਿੱਲਾਂ ‘ਤੇ ਵਿਚਾਰ ਚਰਚਾ ਕੀਤੇ ਜਾਣ ਦਾ ਪ੍ਰਸਤਾਵ ਹੈ।
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਐਤਵਾਰ ਸਵੇਰੇ ਨਵੇਂ ਸੰਸਦ ਭਵਨ ‘ਚ ਰਾਸ਼ਟਰੀ ਝੰਡਾ ਲਹਿਰਾਇਆ। ਸੋਮਵਾਰ ਨੂੰ ਸ਼ੁਰੂ ਹੋ ਰਹੇ ਸੈਸ਼ਨ ਨੂੰ ਬੁਲਾਏ ਜਾਣ ਦੇ ਸਮੇਂ ਨੇ ਵੀ ਹੈਰਾਨ ਕੀਤਾ ਹੈ। ਹਾਲਾਂਕਿ ਸੈਸ਼ਨ ਲਈ ਸੂਚੀਬੱਧ ਏਜੰਡੇ ਦਾ ਇਕ ਮੁੱਖ ਵਿਸ਼ਾ ਸੰਵਿਧਾਨ ਸਭਾ ‘ਚ ਸ਼ੁਰੂ ਹੋਈ ਸੰਸਦ ਦੀ 75 ਸਾਲ ਦੀ ਯਾਤਰਾ ‘ਤੇ ਵਿਸ਼ੇਸ਼ ਚਰਚਾ ਹੈ।
ਸਰਕਾਰ ਨੂੰ ਸੰਸਦ ‘ਚ ਕੁੱਝ ਨਵੇਂ ਕਾਨੂੰਨ ਜਾਂ ਵਿਸ਼ੇ ਪੇਸ਼ ਕਰਨ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ, ਜੋ ਜ਼ਰੂਰੀ ਨਹੀਂ ਹੈ ਕਿ ਸੂਚੀਬੱਧ ਏਜੰਡੇ ਦਾ ਹਿੱਸਾ ਹੋਵੇ। ਕਿਸੇ ਸੰਭਾਵਿਤ ਨਵੇਂ ਕਾਨੂੰਨ ‘ਤੇ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਹੈ ਪਰ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ‘ਚ ਔਰਤਾਂ ਲਈ ਰਾਖਵਾਂਕਰਨ ਯਕੀਨੀ ਕਰਨ ਵਾਲੇ ਬਿੱਲ ਬਾਰੇ ਚਰਚਾ ਜ਼ੋਰਾਂ ‘ਤੇ ਹੈ।