ਦਿੱਲੀ ਪੁਲਸ ਦੀ ਅਦਾਲਤ ‘ਚ ਦਲੀਲ, ਬ੍ਰਿਜਭੂਸ਼ਣ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਨਹੀਂ ਕੀਤਾ ਦੋਸ਼ ਮੁਕਤ

ਨਵੀਂ ਦਿੱਲੀ,- ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਕਈ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ’ਚ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ. ਐੱਫ. ਆਈ.) ਦੇ ਸਾਬਕਾ ਮੁਖੀ ਅਤੇ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਉਨ੍ਹਾਂ ਖਿਲਾਫ ਦੋਸ਼ਾਂ ਦੀ ਜਾਂਚ ਲਈ ਸਰਕਾਰ ਵਲੋਂ ਗਠਿਤ ਨਿਗਰਾਨੀ ਕਮੇਟੀ ਨੇ ਦੋਸ਼ ਮੁਕਤ ਨਹੀਂ ਕੀਤਾ ਹੈ।
ਮਾਮਲੇ ਵਿਚ ਸਿੰਘ ਦੇ ਖਿਲਾਫ ਦੋਸ਼ ਤੈਅ ਕੀਤੇ ਜਾਣ ਜਾਂ ਨਹੀਂ, ਇਸ ’ਤੇ ਬਹਿਸ ਦੌਰਾਨ ਪੁਲਸ ਨੇ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਦੇ ਸਾਹਮਣੇ ਇਹ ਦਲੀਲ ਦਿੱਤੀ। ਕਮੇਟੀ ਨੇ ਸਿਫਾਰਿਸ਼ਾਂ ਦਿੱਤੀਆਂ ਸੀ, ਫੈਸਲਾ ਨਹੀਂ ਸੁਣਾਇਆ ਸੀ। ਸਿੰਘ ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਮੌਜੂਦ ਹੋਏ।
ਖੇਡ ਮੰਤਰਾਲਾ ਨੇ ਰਾਸ਼ਟਰੀ ਰਾਜਧਾਨੀ ’ਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਿੰਘ ਦੇ ਖਿਲਾਫ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ ਭਾਰਤੀ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਗਈ ਸੀ। ਇਸ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ, ਪਰ ਇਕ ਕਾਪੀ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਨੂੰ ਦਿੱਤੀ ਗਈ। ਦਿੱਲੀ ਪੁਲਸ 23 ਸਤੰਬਰ ਨੂੰ ਸਿੰਘ ਖਿਲਾਫ ਦੋਸ਼ਾਂ ’ਤੇ ਅੱਗੇ ਦੀਆਂ ਦਲੀਲਾਂ ਰੱਖੇਗੀ।