ਦਿੱਲੀ ‘ਚ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਸ਼ਨੀਵਾਰ ਸਵੇਰੇ ਕੁਝ ਥਾਵਾਂ ‘ਤੇ ਮੀਂਹ ਪੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਾਸੀ ਗਰਮੀ ਤੋਂ ਪਰੇਸ਼ਾਨ ਸਨ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਮੁਤਾਬਕ ਘੱਟ ਤੋਂ ਘੱਟ ਤਾਪਮਾਨ 26.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2 ਡਿਗਰੀ ਵੱਧ ਹੈ। ਦਿੱਲੀ ‘ਚ ਸ਼ਨੀਵਾਰ ਸਵੇਰੇ ਸਾਢੇ 8 ਵਜੇ ਖ਼ਤਮ ਹੋਏ 24 ਘੰਟੇ ਦੇ ਸਮੇਂ ਦੌਰਾਨ ਸ਼ਹਿਰ ‘ਚ 0.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਵਿਭਾਗ ਮੁਤਾਬਕ ਸਵੇਰੇ 8.30 ਵਜੇ ਸ਼ਹਿਰ ‘ਚ ਸਾਪੇਖਕ ਨਮੀ 85 ਫੀਸਦੀ ਰਹੀ। IMD ਨੇ ਦਿਨ ਸਮੇਂ ਮੀਂਹ ਦੇ ਨਾਲ ਸ਼ਹਿਰ ਵਿਚ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿ ਸਕਦਾ ਹੈ। ਅੱਜ ਸਵੇਰੇ 11 ਵਜੇ ਦਿੱਲੀ ‘ਚ ਹਵਾ ਗੁਣਵੱਤਾ ਸੂਚਕ ਅੰਕ (AQI) 84 ਦਰਜ ਕੀਤਾ ਗਿਆ, ਜੋ ‘ਤਸੱਲੀਬਖ਼ਸ਼’ ਸ਼੍ਰੇਣੀ ‘ਚ ਆਉਂਦਾ ਹੈ। ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI ‘ਚੰਗਾ’ ਹੈ, 51 ਤੋਂ 100 ਵਿਚਕਾਰ ‘ਤਸੱਲੀਬਖਸ਼’, 101 ਤੋਂ 200 ਵਿਚਕਾਰ ‘ਦਰਮਿਆਨਾ’, 201 ਤੋਂ 300 ਵਿਚਕਾਰ ‘ਮਾੜਾ’, 301 ਤੋਂ 400 ਵਿਚਕਾਰ ‘ਬਹੁਤ ਮਾੜਾ’ ਹੈ ਅਤੇ 401 ਤੋਂ 500 ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।