ਤਸਕਰਾਂ ਵੱਲੋਂ BSF ਜਵਾਨਾਂ ‘ਤੇ ਹਮਲਾ, ਜਵਾਬੀ ਕਾਰਵਾਈ ‘ਚ ਇਕ ਤਸਕਰ ਢੇਰ

ਪੱਛਮੀ ਬੰਗਾਲ : ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਸ਼ੁੱਕਰਵਾਰ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਦੀ ਗੋਲ਼ੀਬਾਰੀ ਵਿਚ ਇਕ ਤਸਕਰ ਮਾਰਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤਸਕਰ ਸ਼ੁੱਕਰਵਾਰ ਤੜਕੇ ਜ਼ਿਲ੍ਹੇ ਦੇ ਨੋਨਾਗੰਜ ਇਲਾਕੇ ਵਿਚ ਕੌਮਾਂਤਰੀ ਸਰਹੱਦ ‘ਤੇ ਲੱਗੀਆਂ ਤਾਰਾਂ ਨੂੰ ਕੱਟ ਰਿਹਾ ਸੀ। ਪੁਲਸ ਨੇ ਦੱਸਿਆ ਕਿ ਜਦੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਲਲਕਾਰਿਆ ਤਾਂ ਉਸ ਦੇ ਗਿਰੋਹ ਦੇ ਹੋਰ ਮੈਂਬਰਾਂ ਨੇ ਬੀ.ਐੱਸ.ਐੱਫ. ਜਵਾਨਾਂ ‘ਤੇ ਹਮਲਾ ਕਰ ਦਿੱਤਾ।
ਬੀ.ਐੱਸ.ਐੱਫ. ਜਵਾਨਾਂ ਨੇ ਵੀ ਇਸ ਦੇ ਜਵਾਬ ਵਿਚ ਗੋਲ਼ੀਬਾਰੀ ਕੀਤੀ, ਜਿਸ ਵਿਚ ਤਸਕਰ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਤਸਕਰ ਦੀ ਲਾਸ਼ ਬੀ.ਐੱਸ.ਐੱਫ. ਨੇ ਪੁਲਸ ਨੂੰ ਸੌਂਪ ਦਿੱਤਾ ਹੈ। ਪੁਲਸ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।