ਲਵਲੀ ਨੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ, ਸਾਹਮਣੇ ਹਨ ਵੱਡੀਆਂ ਚੁਣੌਤੀਆਂ

ਨਵੀਂ ਦਿੱਲੀ- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਵੀਰਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਪਾਰਟੀ ਨੂੰ ਮੁੜ ਤੋਂ ਖੜ੍ਹਾ ਕਰਨਾ ਅਤੇ ਇਸ ਦੇ ਸੰਗਠਨਾਤਮਕ ਢਾਂਚੇ ਨੂੰ ਠੀਕ ਕਰਨਾ ਉਨ੍ਹਾਂ ਦੀਆਂ ਤਰਜੀਹਾਂ ‘ਚੋਂ ਇਕ ਹੈ। ਲਵਲੀ ਨੂੰ 31 ਅਗਸਤ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸ਼ੀਲਾ ਦੀਕਸ਼ਿਤ ਦੀ ਸਰਕਾਰ ‘ਚ ਬਤੌਰ ਮੰਤਰੀ ਕਈ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ 54 ਸਾਲਾ ਲਵਲੀ ਇਸ ਤੋਂ ਪਹਿਲਾਂ ਦਸੰਬਰ 2013 ਤੋਂ ਫਰਵਰੀ 2015 ਤੱਕ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ।
ਲਵਲੀ ਨੂੰ ਕਾਂਗਰਸ ਅਗਵਾਈ ਨੇ ਅਜਿਹੇ ਸਮੇਂ ਦਿੱਲੀ ਪ੍ਰਦੇਸ਼ ਦੀ ਕਮਾਨ ਸੌਂਪੀ ਹੈ, ਜਦੋਂ ਪਾਰਟੀ ਰਾਸ਼ਟਰੀ ਰਾਜਧਾਨੀ ‘ਚ ਆਪਣੇ ਅਕਸ ਦੀ ਲੜਾਈ ਲੜ ਰਹੀ ਹੈ। ਕਾਂਗਰਸ ਨੂੰ ਦਿੱਲੀ ਵਿਚ ਹੋਈਆਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ‘ਚ ਇਕ ਵੀ ਸੀਟ ਨਹੀਂ ਮਿਲੀ। ਪ੍ਰਧਾਨ ਦੇ ਤੌਰ ‘ਤੇ ਲਵਲੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਦਿੱਲੀ ‘ਚ ਕਾਂਗਰਸ ਦੇ ਗੁਆਚੇ ਜਨਾਧਾਰ ਨੂੰ ਵਾਪਸ ਹਾਸਲ ਕਰਨ ਦੀ ਹੋਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਸਾਹਮਣੇ ਇਕ ਹੋਰ ਚੁਣੌਤੀ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਤਾਲਮੇਲ ਦੀ ਗੁੰਜਾਇਸ਼ ਬਣਾ ਕੇ ਰੱਖਣ ਦੀ ਵੀ ਹੋਵੇਗੀ। ਲਵਲੀ ਪੂਰਬੀ ਦਿੱਲੀ ਦੇ ਗਾਂਧੀਨਗਰ ਵਿਧਾਨ ਸਭਾ ਖੇਤਰ ਤੋਂ 1998 ਤੋਂ 2013 ਤੱਕ ਲਗਾਤਾਰ ਵਿਧਾਇਕ ਰਹੇ। ਸਾਲ 2003 ਤੋਂ 2013 ਤੱਕ ਸ਼ੀਲਾ ਦੀਕਸ਼ਿਤ ਦੀ ਸਰਕਾਰ ਵਿਚ ਉਹ ਮੰਤਰੀ ਰਹੇ। ਉਨ੍ਹਾਂ ਨੇ ਸਿੱਖਿਆ, ਟਰਾਂਸਪੋਰਟ, ਸ਼ਹਿਰੀ ਵਿਕਾਸ ਅਤੇ ਮਾਲੀਆ ਵਰਗੇ ਕਈ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ।