ਪੰਜਾਬ ‘ਚ ਵੱਡੀ ਵਾਰਦਾਤ, ‘ਆਪ’ ਦੇ ਕਾਰਜਕਾਰੀ ਮੈਂਬਰ ਨੂੰ ਮਾਰੀਆਂ ਗੋਲ਼ੀਆਂ

ਝਬਾਲ : ਪਿੰਡ ਪੱਧਰੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਲਵਿੰਦਰ ਸਿੰਘ ਪੱਧਰੀ ਨੂੰ ਘਰ ਦੇ ਬਾਹਰ ਰੈਲੀ ਤੋਂ ਵਾਪਸ ਆਉਣ ਸਮੇਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦੇਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਸਲਵਿੰਦਰ ਸਿੰਘ ਘਰ ਦੇ ਬੂਹੇ ਅੱਗੇ ਖੜ੍ਹਾ ਸੀ ਕਿ ਮੋਟਰਸਾਈਕਲ ’ਤੇ ਆਏ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਹਨ੍ਹੇਰੇ ਦਾ ਫ਼ਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਏ। ਸਲਵਿੰਦਰ ਸਿੰਘ ਨੂੰ ਪਿੰਡ ਵਾਸੀਆਂ ਨੇ ਗੰਭੀਰ ਹਾਲਤ ’ਚ ਤਰਨਤਾਰਨ ਦੇ ਸਿਵਲ ਹਸਪਤਾਲ ਪਹੁੰਚਾਇਆ ਜਿਥੋਂ ਗੰਭੀਰ ਹਾਲਤ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ। ‘ਆਪ’ ਆਗੂ ਦੀ ਹਾਲਤ ਫ਼ਿਲਹਾਲ ਗੰਭੀਰ ਬਣੀ ਹੋਈ ਹੈ। ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਲੱਗ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮਿਲ ਕੇ ਅੰਮ੍ਰਿਤਸਰ ਸਥਿਤ ਛੇਹਰਟਾ ਵਿਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਇਕ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪੰਜਾਬ ਭਰ ਤੋਂ ‘ਆਪ’ ਦੇ ਸਮਰਥਕ ਪਹੁੰਚੇ ਸਨ। ਇਸ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਲਵਿੰਦਰ ਸਿੰਘ ਪੱਧਰੀ ਵੀ ਪਹੁੰਚੇ ਸਨ। ਬੀਤੇ ਦਿਨ ਜਦੋਂ ਉਹ ਰੈਲੀ ਤੋਂ ਵਾਪਸ ਆਏ ਤਾਂ ਅਣਪਛਾਤਿਆਂ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਉਨ੍ਹਾਂ ਨੂੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਤਾਜ਼ਾ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਜਾਂਚ ਜਾਰੀ ਹੈ।