ਨਿਤੀਸ਼ ਨੇ ਸ਼ਰਾਬ ਬੰਦੀ ਦੀ ਨੀਤੀ ਨੂੰ ਪਾਇਆ ਠੰਡੇ ਬਸਤੇ ’ਚ

ਨਵੀਂ ਦਿੱਲੀ- ਬੇਸ਼ਕ ਹੀ ਵਿਰੋਧੀ ਗਠਜੋੜ ‘ਇੰਡੀਆ’ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਭ ਤੋਂ ਅੱਗੇ ਉਭਰ ਕੇ ਚਲ ਰਹੇ ਹਨ ਪਰ ਆਪਣੀ ਸਖ਼ਤ ਸ਼ਰਾਬਬੰਦੀ ਵਾਲੀ ਨੀਤੀ ਨੂੰ ਲੈ ਕੇ ਉਨ੍ਹਾਂ ਥੋੜ੍ਹਾ ਵੱਖਰਾ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਨੀਤੀ ਅਧੀਨ ਅਪ੍ਰੈਲ 2016 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਲੋਕ ਸੀਖਾਂ ਪਿੱਛੇ ਚਲੇ ਗਏ, ਲੱਖਾਂ ਸ਼ਰਾਬ ਦੀਆਂ ਬੋਤਲਾਂ ਟੁੱਟ ਗਈਆਂ ਅਤੇ ਪਰਿਵਾਰਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਭਾਵੇਂ ਇਸ ਪਹਿਲਕਦਮੀ ਦੀ ਸਫ਼ਲਤਾ ਬਹਿਸ ਦਾ ਵਿਸ਼ਾ ਬਣੀ ਹੋਈ ਹੈ, ਪਰ ਮੁੱਖ ਸਵਾਲ ਇਹ ਹੈ ਕਿ ਕੀ ਇਸ ਵੇਲੇ ਵਿਰੋਧੀ ਏਕਤਾ ਦੇ ਅਸਲ ਕਨਵੀਨਰ ਨਿਤੀਸ਼ ਪੂਰੇ ਦੇਸ਼ ਵਿੱਚ ਸ਼ਰਾਬਬੰਦੀ ਲਾਗੂ ਕਰਨ ਦੀ ਤਜਵੀਜ਼ ਪੇਸ਼ ਕਰਨਗੇ? ਇਸ ’ਤੇ ਉਨ੍ਹਾਂ ਚੁੱਪ ਧਾਰੀ ਹੋਈ ਹੈ।
ਆਖ਼ਰ ਸਖ਼ਤ ਆਲੋਚਨਾ ਦੇ ਬਾਵਜੂਦ ਉਨ੍ਹਾਂ 7 ਸਾਲਾਂ ਤੱਕ ਇਸ ਨੀਤੀ ਦਾ ਬਚਾਅ ਕੀਤਾ। ਹੁਣ ਜਦੋਂ ਇਹ ਨੀਤੀ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਤਾਂ ਨਿਤੀਸ਼ ਕੁਮਾਰ ਨੇ ਸੂਬੇ ਦੀ ਪੁਲਸ ਨੂੰ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਅਤੇ ਗ੍ਰਿਫ਼ਤਾਰੀਆਂ ਨਾ ਕਰਨ ਦਾ ਗੈਰ ਰਸਮੀ ਹੁਕਮ ਜਾਰੀ ਕੀਤਾ ਹੈ।
ਉਨ੍ਹਾਂ ਦਾ ਸੰਦੇਸ਼ ਇਹ ਹੈ ਕਿ ਪੁਲਸ ਨੂੰ ਸਿਰਫ਼ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਵੱਲ ਧਿਆਨ ਦੇਣਾ ਚਾਹੀਦਾ ਹੈ। ਹੁਣ ਨਿਤੀਸ਼ ਕੁਮਾਰ ਦਾ ਪੂਰਾ ਧਿਆਨ ਸੂਬੇ ’ਤੇ ਨਹੀਂ, ਸਗੋਂ ਰਾਸ਼ਟਰੀ ਮੁੱਦਿਆਂ ’ਤੇ ਹੈ।
ਨਿਤੀਸ਼ ਇੱਕ ਰਾਸ਼ਟਰੀ ਸਿਆਸਤਦਾਨ ਵਜੋਂ ਆਪਣੀ ਪਛਾਣ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਮੋਬਾਈਲ ਫ਼ੋਨ ਚੁੱਕਣਾ ਛੱਡ ਦਿੱਤਾ ਹੈ ਜਦੋਂ ਕਿ ਹੋਰ ਪ੍ਰਮੁੱਖ ਨੇਤਾ ਹਮੇਸ਼ਾ ਆਪਣੇ ਮੋਬਾਈਲ ’ਤੇ ਗੱਲਾਂ ਕਰਦੇ ਨਜ਼ਰ ਆਉਂਦੇ ਹਨ।
ਕੁਝ ਦਿਨ ਪਹਿਲਾਂ ਜਦੋਂ ‘ਇੰਡੀਆ’ ਗਠਜੋੜ ਦੇ ਨੇਤਾਵਾਂ ਦੀ ਮੁਲਾਕਾਤ ਹੋਈ ਤਾਂ ਨਿਤੀਸ਼ ਨੇ ਅਸਿੱਧੇ ਤੌਰ ’ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈਕਚਰ ਦਿੱਤਾ ਕਿਉਂਕਿ ਉਹ ਬੇਂਗਲੁਰੂ ਮੀਟਿੰਗ ਦੌਰਾਨ ਆਪਣਾ ਫੋਨ ਚੈੱਕ ਕਰ ਰਹੀ ਸੀ। ਉਨ੍ਹਾਂ ਲਗਾਤਾਰ ਮੋਬਾਈਲ ਫੋਨ ਦੀਆਂ ਬੁਰਾਈਆਂ ਬਾਰੇ ਚਰਚਾ ਕੀਤੀ ਜਿਸ ਨਾਲ ਹਰ ਕੋਈ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ।
ਬਿਹਾਰ ’ਚ ਨਿਤੀਸ਼ ਘੱਟ ਹੀ ਮੋਬਾਇਲ ਫੋਨ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ। ਅਸਲ ਵਿੱਚ ਉਹ ਕਈ ਵਾਰ ਆਪਣੇ ਸੀਨੀਅਰ ਅਧਿਕਾਰੀਆਂ, ਸਾਥੀ ਮੰਤਰੀਆਂ ਅਤੇ ਪਾਰਟੀ ਆਗੂਆਂ ਨੂੰ ਵੀ ਮੀਟਿੰਗਾਂ ਦੌਰਾਨ ਮੋਬਾਇਲ ਫੋਨਾਂ ’ਤੇ ਸਮਾਂ ਬਰਬਾਦ ਕਰਨ ਲਈ ਤਾੜਨਾ ਕਰਦੇ ਰਹਿੰਦੇ ਹਨ।
ਨਿਤੀਸ਼ ਆਪਣੇ ਨਾਲ ਆਏ ਅਧਿਕਾਰੀਆਂ ਨੂੰ ਸੂਬੇ ਵਿੱਚ ਪਾਰਟੀ ਨੇਤਾਵਾਂ ਜਾਂ ਮੰਤਰੀਆਂ ਨੂੰ ਕਾਲਾਂ ਜੋੜਨ ਲਈ ਕਹਿਣਾ ਪਸੰਦ ਕਰਦੇ ਹਨ।