ਨਵੀਂ ਦਿੱਲੀ – ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਸਮਰਥਕਾਂ ’ਤੇ ਸ਼ਿਕੰਜਾ ਕੱਸਣ ਲਈ ਪੂਰੀ ਤਿਆਰੀ ਕਰ ਲਈ ਹੈ। ਇੰਗਲੈਂਡ ਵਿਚ ਲੰਡਨ ਅਤੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਘਰਾਂ ’ਤੇ ਹਮਲਾ ਕਰਨ ਵਾਲੇ 19 ਖਾਲਿਸਤਾਨੀਆਂ ਦੀ ਪਛਾਣ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕਰ ਲਈ ਹੈ। 19 ਮਾਰਚ ਨੂੰ ਇੰਗਲੈਂਡ ਵਿਚ 45 ਖਾਲਿਸਤਾਨ ਸਮਰਥਕਾਂ ਨੇ ਭਾਰਤੀ ਦੂਤਘਰ ’ਤੇ ਹਮਲਾ ਕੀਤਾ ਸੀ ਅਤੇ ਸੈਨ ਫਰਾਂਿਸਸਕੋ ਵਿਚ 2 ਜੁਲਾਈ ਨੂੰ ਭਾਰਤੀ ਵਣਜ ਦੂਤਘਰ ਭਵਨ ਵਿਚ ਅੱਗ ਲਗਾ ਦਿੱਤੀ ਸੀ।
ਰਾਸ਼ਟਰੀ ਜਾਂਚ ਏਜੰਸੀ ਨੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ਨੂੰ ਨਿਸ਼ਾਨਾ ਬਣਾਉਣ ਵਾਲੇ 4 ਖਾਲਿਸਤਾਨੀ ਸਮਰਥਕਾਂ ਦੀ ਵੀ ਪਛਾਣ ਕੀਤੀ ਹੈ। ਐੱਨ. ਆਈ. ਏ. ਨੇ ਇਨ੍ਹਾਂ ਸਾਰੇ ਪਛਾਣੇ ਗਏ ਖਾਲਿਸਤਾਨੀਆਂ ਲਈ ਇਮੀਗ੍ਰੇਸ਼ਨ ਵਿਭਾਗ ਤੋਂ ਲੁੱਕਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨਾਲ ਜੁੜੇ ਖਾਲਿਸਤਾਨੀ ਸਮਰਥਕਾਂ ਨੇ ਕੈਨੇਡਾ ’ਚ ਮਾਰੇ ਗਏ ਮੋਸਟ ਵਾਂਟੇਡ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਗੁੱਸੇ ’ਚ ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਦੀ ਇਮਾਰਤ ਨੂੰ ਅੱਗ ਲਗਾ ਦਿੱਤੀ ਸੀ।
ਕੈਨੇਡਾ ਵਿਚ ਖਾਲਿਸਤਾਨੀਆਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਹਨ। ਖਾਲਿਸਤਾਨੀ ਸਮਰਥਕ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਾਰ-ਵਾਰ ਪੋਸਟਰ ਜਾਰੀ ਕਰ ਰਹੇ ਹਨ। ਇਨ੍ਹਾਂ ਸਾਰੀਆਂ ਖਾਲਿਸਤਾਨੀ ਗਤੀਵਿਧੀਆਂ ਦੀ ਜਾਂਚ ਲਈ ਐੱਨ. ਆਈ. ਏ. ਦੀ ਟੀਮ ਅਗਲੇ ਮਹੀਨੇ ਕੈਨੇਡਾ ਜਾਏਗੀ। ਇਸ ਤੋਂ ਪਹਿਲਾਂ ਐੱਨ. ਆਈ. ਏ. ਦੀ ਟੀਮ ਇੰਗਲੈਂਡ ਅਤੇ ਅਮਰੀਕਾ ਵਿਚ ਭਾਰਤੀ ਦੂਤਘਰਾਂ ’ਤੇ ਹੋਏ ਹਮਲਿਆਂ ਦੀ ਜਾਂਚ ਲਈ ਗਈ ਸੀ। ਐੱਨ. ਆਈ. ਏ. ਉਥੇ ਹਮਲੇ ਕਰਨ ਵਾਲੇ ਖਾਲਿਸਤਾਨ ਸਮਰਥਕਾਂ ਦੀ ਪਛਾਣ ਤੋਂ ਬਾਅਦ ਹੁਣ ਕੈਨੇਡਾ ਵਿਚ ਹਮਲਾ ਬੋਲਣ ਵਾਲੇ ਖਾਲਿਸਤਾਨ ਸਮਰਥਕਾਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ਦੇ ਲੁੱਕਆਊਟ ਸਰਕੂਲਰ ਜਾਰੀ ਕਰਵਾਏਗੀ।