ਤੁਹਾਡੇ ਅਧਿਕਾਰਿਕ ਪਾਸਪੋਰਟ ‘ਤੇ ਤੁਹਾਡੇ ਜਨਮ ਦੀ ਮਿਤੀ, ਤੁਹਾਡਾ ਨਾਮ, ਤਸਵੀਰ ਵਗੈਰਾ ਹੁੰਦੇ ਹਨ। ਉਸ ‘ਚ ਇਹ ਵੀ ਦਰਜ ਹੋ ਸਕਦਾ ਹੈ ਕਿ ਤੁਸੀਂ ਜਿਊਣ ਲਈ ਕੀ ਕੰਮ ਕਰਦੇ ਹੋ। ਪਰ, ਉਸ ਵਿੱਚ ਤੁਹਾਡੀ ਆਤਮਾ ਦਾ ਕੋਈ ਵਰਣਨ ਨਹੀਂ ਹੁੰਦਾ। ਤੁਹਾਡੀ ਸ਼ਖ਼ਸੀਅਤ ਸਬੰਧੀ ਕੋਈ ਸੰਕੇਤ ਨਹੀਂ ਮਿਲਦਾ, ਤੁਹਾਡੀ ਦਿਆਲਤਾ ਦਾ ਉਸ ਵਿੱਚ ਕੋਈ ਜ਼ਿਕਰ ਨਹੀਂ, ਤੁਹਾਡੀਆਂ ਕਦਰਾਂ-ਕੀਮਤਾਂ ਦਾ ਕੋਈ ਵੀ ਪ੍ਰਤੀਬਿੰਬ ਨਹੀਂ ਹੁੰਦਾ ਉਸ ਵਿੱਚ। ਆਸਮਾਨ ਇੱਕ ਅਜਿਹੇ ਖੇਤਰ ‘ਚ ਪ੍ਰਗਤੀ ਲਿਆ ਰਿਹਾ ਹੈ ਜੋ ਅਧਿਕਾਰਿਕ ਅਤੇ ਸਾਧਾਰਣ ਤੋਂ ਬਹੁਤ ਪਰ੍ਹੇ ਹੈ। ਆ ਰਿਹਾ ਇੱਕ ਅਜਿਹੀ ਦੁਨੀਆਂ ਲਈ ਤੁਹਾਡਾ ਪਾਸਪੋਰਟ ਜਿਸ ‘ਚ ਤੁਸੀਂ ਖ਼ੁਦ ਦੀ ਪਛਾਣ ਬਾਰੇ ਆਪਣੀ ਸਮਝ ਨੂੰ ਮੁੜ ਪਰਿਭਾਸ਼ਿਤ ਕਰ ਸਕਦੇ ਹੋ, ਅਤੇ ਉਸ ਢੰਗ ਨੂੰ ਭੁਲਾ ਸਕਦੇ ਹੋ ਜਿਸ ਤਰ੍ਹਾਂ ਦੁਨੀਆਂ ਤੁਹਾਨੂੰ ਦੇਖਣਾ ਚਾਹੁੰਦੀ ਹੈ – ਅਤੇ ਤੁਹਾਨੂੰ ਕੇਵਲ ਆਪਣਾ ਬਿਹਤਰੀਨ ਪੱਖ ਪੇਸ਼ ਕਰਨ ਦੀ ਲੋੜ ਹੋਵੇਗੀ।
ਜਦੋਂ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਵਿਰੋਧ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਕੁਦਰਤੀ ਤੌਰ ‘ਤੇ ਨਿੱਘ, ਸਮਰਥਨ ਅਤੇ ਦੋਸਤੀ ਵੱਲ ਆਕਰਸ਼ਿਤ ਹੋਣ ਲੱਗਦੇ ਹਾਂ। ਅਸੀਂ ਆਪਣੀ ਜ਼ਮੀਨ ‘ਤੇ ਡਟੇ ਰਹਿਣ, ਬਦਲਾ ਲੈਣ ਅਤੇ ਆਪਣੀ ਗੱਲ ਨੂੰ ਸਾਬਿਤ ਕਰਨ ਦੀ ਜ਼ੋਰਦਾਰ ਇੱਛਾ ਦਾ ਅਨੁਭਵ ਵੀ ਕਰਦੇ ਹਾਂ। ਪਰ ਤੁਹਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ, ”ਕਿਸ ਸਥਿਤੀ ‘ਚੋਂ ਮੇਰੇ ਕਾਮਯਾਬ ਹੋਣ ਦੀ ਵਧੇਰੇ ਉਮੀਦ ਹੈ? ਤਾਕਤ ਵਾਲੀ ਸਥਿਤੀ ‘ਚੋਂ? ਜਾਂ ਕਮਜ਼ੋਰੀ ਵਾਲੀ? ”ਅਸਲ ‘ਚ, ਹਾਰ ਮੰਨ ਲੈਣਾ ਹਮੇਸ਼ਾ ਕਾਇਰਤਾ ਦੀ ਨਿਸ਼ਾਨੀ ਨਹੀਂ ਹੁੰਦੀ। ਇਹ ਇੱਕ ਅਜਿਹੀ ਕਾਰਵਾਈ ਵੀ ਹੋ ਸਕਦੀ ਹੈ ਜੋ ਬੁਧੀਮਤਾ ਦਰਸਾਉਂਦੀ ਹੋਵੇ। ਮਦਦ ਦੀ ਪੇਸ਼ਕਸ਼ ਮੌਜੂਦ ਹੈ। ਸਹਾਇਤਾ ਉਪਲਬਧ ਹੈ। ਇੰਨੇ ਆਕੜਖੋਰ ਜਾਂ ਨਿਮਰ ਨਾ ਬਣੋ ਕਿ ਤੁਹਾਨੂੰ ਇਹ ਪਖੰਡ ਕਰਨਾ ਪਵੇ ਕਿ ਤੁਹਾਨੂੰ ਉਨ੍ਹਾਂ ‘ਚੋਂ ਕਿਸੇ ਸ਼ੈਅ ਦੀ ਵੀ ਕੋਈ ਲੋੜ ਨਹੀਂ।
ਜਦੋਂ ਕਿ ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਖ਼ੁਦ ਦੇ ਦ੍ਰਿਸ਼ਟੀਕੋਣ ਦਾ ਮੁਲਾਂਕਣ ਕਰਨ ‘ਚ ਰੁੱਝੇ ਹੋਏ ਹੋ ਤਾਂ ਪੇਸ਼-ਏ-ਖ਼ਿਦਮਤ ਹੈ ਵਿਚਾਰਨ ਲਈ ਇੱਕ ਅਹਿਮ ਮੁੱਦਾ। ਤੁਹਾਡੇ ਕੋਲ ਕਦੇ ਵੀ, ਤੁਹਾਡੀ ਸਾਰੀ ਜ਼ਿੰਦਗੀ ਦੌਰਾਨ, ਇੱਕ ਵੀ ਦਿਨ ਅਜਿਹਾ ਨਹੀਂ ਆਉਣ ਵਾਲਾ ਜਿਸ ਦਿਨ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਗ਼ਾਇਬ ਹੋ ਜਾਣਗੀਆਂ। ਸਮੱਸਿਆਵਾਂ ਹਰ ਕਿਸੇ ਦੇ ਜੀਵਨ ਦੇ ਲੈਂਡਸਕੇਪ ਦਾ ਸਥਾਈ ਹਿੱਸਾ ਹਨ। ਪਹਾੜਾਂ, ਦਰਿਆਵਾਂ ਅਤੇ ਇਸ ਸੰਸਾਰ ਦੀਆਂ ਹੋਰ ਵਿਸ਼ੇਸ਼ਤਾਵਾਂ ਵਾਂਗ, ਸਾਨੂੰ ਉਨ੍ਹਾਂ ਨੂੰ ਸਿਰਫ਼ ਸਵੀਕਾਰ ਹੀ ਨਹੀਂ ਕਰਨਾ ਪੈਂਦਾ ਸਗੋਂ ਉਨ੍ਹਾਂ ਦੀ ਪ੍ਰਸ਼ੰਸਾ ਜਾਂ ਕਦਰ ਵੀ ਕਰਨੀ ਪੈਂਦੀ ਹੈ। ਪਰ ਉਨ੍ਹਾਂ ਨੂੰ ਯਕੀਨੀ ਤੌਰ ‘ਤੇ ਤੁਹਾਨੂੰ ਖ਼ੁਸ਼ ਹੋਣ ਤੋਂ ਰੋਕਣ ਦੀ ਕੋਈ ਲੋੜ ਨਹੀਂ। ਇੱਕ ਅਜੀਬ ਤਰੀਕੇ ਨਾਲ, ਇਸ ਵਕਤ ਤੁਹਾਡੀ ਸਭ ਤੋਂ ਵੱਡੀ ਸਫ਼ਲਤਾ ਜਾਂ ਪ੍ਰਾਪਤੀ ਦਾ ਇੱਕ ਸਿੱਧਾ ਮਾੜਾ ਪ੍ਰਭਾਵ ਹੀ ਤੁਹਾਡੀ ਸਭ ਤੋਂ ਵੱਡੀ ਸਮੱਸਿਆ ਹੈ। ਉਸ ਤੋਂ ਡਰੋ ਨਾ।
ਇੱਕ ਪੁਰਾਣੀ ਕਹਾਵਤ ਹੈ, ”ਕਈ ਵਾਰ ਤੁਸੀਂ ਜਿੱਤਦੇ ਹੋ ਅਤੇ ਕਈ ਵਾਰ ਤੁਸੀਂ ਹਾਰਦੇ।”ਕੀ ਤੁਸੀਂ ਇਸ ਵੇਲੇ ਕੁਝ ਗੁਆਉਣ ਲਈ ਤਿਆਰ ਹੋ? ਜਿਹੜੇ ਲੋਕ ਮਾਇਨਾ ਰੱਖਦੇ ਹਨ, ਜੇ ਤੁਸੀਂ ਉਨ੍ਹਾਂ ਦੇ ਮੁਕਾਬਲੇ ਕਾਫ਼ੀ ਹੱਦ ਤਕ ਜਿੱਤ ਰਹੇ ਹੋ ਤਾਂ ਫ਼ਿਰ ਕੋਈ ਫ਼ਰਕ ਨਹੀਂ ਪੈਂਦਾ। ਜਿਹੜੀ ਵੀ ਕੋਸ਼ਿਸ਼ ਤੁਸੀਂ ਕਰਦੇ ਹੋ, ਉਸ ਹਰ ਕੋਸ਼ਿਸ਼ ‘ਚ ਸਫ਼ਲਤਾ ਪ੍ਰਾਪਤ ਕਰਨਾ ਸੰਭਵ ਨਹੀਂ ਹੋ ਸਕਦਾ। ਪਰ ਜਿੰਨਾ ਚਿਰ ਤੁਸੀਂ ਆਪਣੇ ਭਾਵਨਾਤਮਕ ਜੀਵਨ ਵਿਚਲੇ ਏਜੰਡੇ ਦੇ ਸਭ ਤੋਂ ਮਹੱਤਵਪੂਰਣ ਮੁੱਦਿਆਂ ਨੂੰ ਤਰਜੀਹ ਦਿੰਦੇ ਰਹੋਗੇ, ਤੁਸੀਂ ਇਹ ਯਕੀਨੀ ਬਣਾਓਗੇ ਕਿ ਇੱਕ ਸਕਾਰਾਤਮਕ ਬ੍ਰਹਿਮੰਡੀ ਮਾਹੌਲ ਤਹਿਤ ਤੁਸੀਂ ਉਸ ਚੀਜ਼ ਦੀ ਰੱਖਿਆ ਕਰਨ ਦੇ ਯੋਗ ਹੋਵੋ ਜਿਸ ਦੀ ਤੁਸੀਂ ਸਭ ਤੋਂ ਵੱਧ ਪਰਵਾਹ ਕਰਦੇ ਹੋ। ਅਤੇ ਬਾਕੀ ਦੀਆਂ ਚੀਜ਼ਾਂ ਲਈ, ਖ਼ੈਰ … ਹੋ ਸਕਦੈ ਕਿ ਤੁਸੀਂ ਉਸ ਮਾਮਲੇ ‘ਚ ਵੀ ਬਹੁਤੀ ਬੁਰੀ ਕਾਰਗੁਜ਼ਾਰੀ ਨਾ ਦਿਖਾਓ!
ਅਸੀਂ ਬਦਲਾਵਾਂ ਬਾਰੇ ਪੜ੍ਹਨਾ ਪਸੰਦ ਕਰਦੇ ਹਾਂ। ਅਸੀਂ ਉਨ੍ਹਾਂ ਮਸ਼ਹੂਰ ਹਸਤੀਆਂ ਵੱਲ ਆਕਰਸ਼ਿਤ ਹੁੰਦੇ ਹਾਂ ਜੋ ਖ਼ੁਦ ਨੂੰ ਮੁੜ ਖੋਜਦੀਆਂ ਹਨ। ਜਾਂ ਉਨ੍ਹਾਂ ਬ੍ਰੈਂਡਾਂ ਵੱਲ ਜਿਹੜੇ ਸਾਡੀ ਛਵੀ ਨੂੰ ਬਦਲ ਸਕਦੇ ਹੋਣ। ਜਾਂ ਉਨ੍ਹਾਂ ਲੋਕਾਂ ਵੱਲ ਜੋ ਕੇਵਲ ਇੱਕ ਪ੍ਰਕਾਰ ਦਾ ਹੀ ਜੀਵਨ ਜਿਊਣ ਤੋਂ ਇਨਕਾਰ ਕਰਦੇ ਹੋਣ, ਅਤੇ ਕਿਸੇ ਹੋਰ, ਬਿਲਕੁਲ ਵੱਖਰੀ, ਦਿਸ਼ਾ ‘ਚ ਜਾਣ ਦੀ ਹਿੰਮਤ ਰੱਖਦੇ ਹੋਣ। ਅਸੀਂ ਜਾਣਦੇ ਹਾਂ ਕਿ ਅਸੀਂ ਸਮੇਂ ਨੂੰ ਵਾਪਿਸ ਗੇੜਾ ਨਹੀਂ ਦੇ ਸਕਦੇ, ਪਰ ਫ਼ਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਇਦ ਅਸੀਂ ਭਵਿੱਖ ਨੂੰ ਠੀਕ ਕਰਨ ਦਾ ਕੋਈ ਰਸਤਾ ਲੱਭ ਸਕੀਏ ਤਾਂ ਜੋ ਉਹ ਅਤੀਤ ‘ਤੇ ਇੱਕ ਬਹੁਤ ਹੀ ਵੱਖਰੀ ਕਿਸਮ ਦੀ ਰੌਸ਼ਨੀ ਚਮਕਾ ਸਕੇ। ਤੁਹਾਡੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ ਵਾਪਰਣ ਵਾਲੀਆਂ ਕੁਝ ਘਟਨਾਵਾਂ ਤੁਹਾਨੂੰ ਉਹ ਸ਼ਕਤੀ ਪ੍ਰਦਾਨ ਕਰਨ ਵਾਲੀਆਂ ਹਨ। ਜੋ ਬਦਲ ਰਿਹੈ, ਉਸ ਤੋਂ ਡਰੋ ਨਾ।