ਯਾਦਾਂ ਦਾ ਝਰੋਖਾ- 23

ਡਾ. ਕੇਵਲ ਅਰੋੜਾ
ਘੋੜੀਆਂ ਵਾਲਾ ਬਾਬਾ – ਬਾਬਾ ਬਾਲਕ ਨਾਥ
ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ, ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦੀ ਸੀ, ਤੋਂ ਪਹਿਲਾਂ ਪੁਸ਼ਕਰ ਦਾ ਮੇਲਾ ਲੱਗਦਾ ਹੈ। ਮਹਿਕਮੇ ਵਲੋਂ ਸਾਡੀ ਡਿਊਟੀ ਸੀ ਜਿਸ ‘ਚ ਮੇਰੇ ਨਾਲ ਡਾਕਟਰ ਸੁਖਦੇਵ ਸੰਧੂ ਅਤੇ ਡਾਕਟਰ ਗੁਰਦਿੱਤ ਸਿੰਘ ਸਨ, ਉੱਥੇ ਜਾ ਕੇ ਮੇਲੇ ਬਾਰੇ ਲੋਕਾਂ ਨੂੰ ਆਉਣ ਲਈ ਉਤਸ਼ਾਹਿਤ ਕਰਨ ‘ਤੇ ਡਿਊਟੀ ਲੱਗ ਗਈ। ਅਸੀਂ ਤਿੰਨੋਂ ਜਣੇ ਪਹਿਲੀ ਵਾਰ ਪੁਸ਼ਕਰ ਜਾ ਰਹੇ ਸਾਂ, ਬੇਸ਼ੱਕ ਘੋੜੀਆਂ ਵਾਲੇ ਇਸ ਮੇਲੇ ਬਾਰੇ ਕਈ ਵਾਰ ਗੱਲਾਂ ਕਰਦੇ ਸੁਣੇ ਹੋਏ ਸੀ। ਸੋ, ਅਸੀਂ ਪੁਸ਼ਕਰ ਵੱਲ ਚੱਲ ਪਏ। ਰਾਹ ‘ਚ ਰਾਜਸਥਾਨ ਦੇ ਕਈ ਰੰਗ ਤੱਕੇ। ਲੋਕ ਬਹੁਤ ਮਿਹਨਤੀ, ਸਾਦੇ, ਅਪਣੇ ਕੰਮ ‘ਚ ਮਸਤ। ਕਿਤੇ ਕਿਤੇ ਗਊਆਂ ਦੇ ਵੱਗ ਚਰਦੇ। ਬਿਲਕੁਲ ਦੇਸੀ ਗਊਆਂ ਸਨ ਜੋ ਬਚਪਨ ‘ਚ ਸਾਡੇ ਪਿੰਡ ਵੀ ਹੁੰਦੀਆਂ ਸਨ। ਜੰਡੀਆਂ ਦੇ ਰੁੱਖ ਸਨ ਜਿਨ੍ਹਾਂ ਨੇ ਮਾਰੂ-ਥਲ ‘ਚ ਲੋਕਾਂ ਦੀਆਂ ਜੜ੍ਹਾਂ ਲਾਈਆਂ। ਸਾਡੇ ਪਿੰਡ ਦੇ ਪੁਰਾਣੇ ਜੰਡਾਂ ਦੀ ਯਾਦ ਦਿਵਾਉਂਦੀਆਂ ਸਨ ਜਿਨ੍ਹਾਂ ਦੀਆਂ ਫ਼ਲੀਆਂ ਦਾ ਰਾਇਤਾ ਅਜੇ ਤਕ ਨਹੀਂ ਭੁੱਲਿਆ।
ਅਸੀਂ ਸਵੇਰੇ ਚੱਲ ਕੇ ਦੇਰ ਸ਼ਾਮ ਅਜਮੇਰ ਪਹੁੰਚ ਗਏ। ਡਾ. ਸੁਖਦੇਵ ਬਹੁਤ ਹੀ ਠਰ੍ਹੰਮੇ ਵਾਲਾ ਅਤੇ ਆਹਰੀ ਬੰਦਾ ਹੈ। ਡਾ. ਗੁਰਦਿੱਤ ਵੀ ਹਿੰਮਤੀ ਅਤੇ ਮੈਂ ਗੱਲਾਂ ਬਾਤਾਂ ਵਾਲਾ। ਡਾ. ਸੁਖਦੇਵ ਵੀ ਜਦ ਗੱਲ ਦੀ ਲੜੀ ਤੋਰ ਲੈਂਦੇ ਨੇ ਤਾਂ ਇੰਜ ਲੱਗਦਾ ਹੈ ਜਿਵੇਂ ਕੋਈ ਸਾਖੀ ਸੁਣਾ ਰਹੇ ਹੋਣ। ਡਾ. ਗੁਰਦਿੱਤ ਚੁੱਪ ਕਰ ਕੇ ਬਹਿ ਜਾਂਦਾ ਅਤੇ ਵਿੱਚੋਂ ਨੀਂਦ ਦਾ ਠੁਮਕਾ ਲਾ ਲੈਂਦਾ, ਪਰ ਮੈਂ ਡਾ. ਸੁਖਦੇਵ ਦੀ ਗੱਲ ਦਾ ਹੁੰਗਾਰਾ ਲਗਾਤਾਰ ਭਰਦਾ ਜਾਂਦਾ। ਕਦੇ ਕਦੇ ਉਹ ਪੁਰਾਣੇ ਸ਼ਿਕਾਰ ਦੀਆਂ ਗੱਲ ਤੋਰ ਲੈਂਦਾ, ਕਦੇ ਕਬੂਤਰਾਂ ਦੀ ਬਾਜ਼ੀ ਦੀਆਂ ਅਤੇ ਕਦੇ ਅਸੀਲ ਕੁੱਕੜਾਂ ਦੀ ਬਾਜ਼ੀ ਦੀਆਂ ਗੱਲਾਂ। ਉਹਨਾਂ ਦੇ ਬਾਪ ਤੇ ਵੱਡੇ ਭਰਾ ਤੋਂ ਇਹ ਸ਼ੌਂਕ ਉਸ ‘ਚ ਪ੍ਰਵੇਸ਼ ਕਰ ਗਏ। ਪਰ ਡਾ. ਸੁਖਦੇਵ ਨੇ ਨਾ ਕਦੇ ਮੀਟ ਖਾਧਾ ਤੇ ਨਾ ਹੀ ਕਦੇ ਸ਼ਰਾਬ ਪੀਤੀ ਹੈ। ਮੈਂ ਉਹਨੂੰ ਹੱਸਣਾ
ਨਾ ਕਦੇ ਖਾਧਾ ਮੀਟ ਸਹੇ ਦਾ, ਨਾ ਕਦੇ ਗਲਾਸੀ ਮਾਰੀ,
ਸਾਧਾਂ ਵਰਗੀ ਜ਼ਿੰਦਗੀ ਕੱਢ ਲਈ, ਕਾਹਦਾ ਬਾਈ ਸ਼ਿਕਾਰੀ।
ਖ਼ੈਰ, ਸ਼ਾਮ ਨੂੰ ਅਸੀਂ ਅਜਮੇਰ ਪਹੁੰਚ ਗਏ ਜਿੱਥੇ ਮੈਂ PAU ‘ਚ ਪੜ੍ਹਦਿਆਂ ਯੰਗ ਰਾਈਟਰਜ਼ ਦੇ ਟੂਰ ‘ਤੇ ਆਇਆ ਸੀ। ਅਸੀਂ ਲੇਕਾਂ ਦੇ ਸਾਹਮਣੇ ਇੱਕ ਹੋਟਲ ‘ਚ ਕਮਰਾ ਲੈ ਕੇ ਠਹਿਰ ਗਏ। ਰਾਤ ਕੱਟ ਕੇ ਪੁਸ਼ਕਰ ਪਹੁੰਚ ਗਏ, ਛੋਟਾ ਜਿਹਾ ਸ਼ਹਿਰ, ਚਾਰ-ਚੁਫ਼ੇਰੇ ਰੇਤਾ ਦੇ ਟਿੱਬੇ, ਘੋੜੀਆਂ ਦਾ ਮੇਲਾ ਤਾਂ ਟਿੱਬਿਆਂ ‘ਤੇ ਹੀ ਲੱਗਾ ਸੀ। ਬ੍ਰਹਮਾ ਜੀ ਦੇ ਮੰਦਰ ਦੀ ਦੁਨੀਆਂ ਭਰ ‘ਚ ਮਾਨਤਾ ਹੈ, ਹਰ ਘਰ ਮੰਦਰ ਹੀ ਹੈ ਪੁਸ਼ਕਰ ਵਿੱਚ। ਅਸੀਂ ਮੇਲੇ ‘ਚ ਘੋੜੀਆਂ ਵਾਲ਼ਿਆਂ ਨੂੰ ਮਿਲਣ ਲੱਗ ਗਏ, ਪੰਜਾਬ ਤੋਂ ਗਏ ਹੋਏ ਘੋੜੀਆਂ ਵਾਲੇ ਡਾਕਟਰ ਸੁਖਦੇਵ ਅਤੇ ਡਾਕਟਰ ਗੁਰਦਿੱਤ ਨੂੰ ਘੋੜੀਆਂ ਦੇ ਮਾਹਿਰ ਡਾਕਟਰ ਹੋਣ ਕਰ ਕੇ ਜਾਣਦੇ ਸਨ ਅਤੇ ਮੇਰੇ ਨਾਲ ਕਈਆਂ ਦੀ ਮੇਲਿਆਂ ਕਰ ਕੇ ਜਾਣ ਪਹਿਚਾਣ ਸੀ। ਉਹਨਾਂ ਰਾਹੀਂ ਬਾਕੀ ਘੋੜੀਆਂ ਵਾਲਿਆਂ ਨੂੰ ਸਾਡਾ ਮੇਲੇ ਬਾਰੇ ਛਪਿਆ ਸਾਹਿਤ ਅਤੇ ਸੱਦਾ ਦਾ ਕੇ ਮੇਲੇ ਆਉਣ ਨੂੰ ਕਹਿੰਦੇ ਰਹੇ। ਅਸੀਂ ਮੇਲੇ ‘ਚ ਘੁੰਮ ਹੀ ਰਹੇ ਸੀ ਕਿ ਸਾਨੂੰ ਸਾਡੇ ਸੀਨੀਅਰ ਡਾਕਟਰ ਸਿੰਗਲਾ ਜੀ ਮਿਲ ਗਏ। ਉਹਨਾਂ ਨੇ ਸਾਰੀ ਉਮਰ ਘੋੜੀਆਂ ‘ਚ ਹੀ ਲਗਾ ਦਿੱਤੀ ਹੈ, ਅਤੇ ਅੱਜ ਅੱਸੀਵਿਆਂ ਪਹੁੰਚ ਕੇ ਵੀ ਸੇਵਾ ਕਰ ਰਹੇ ਹਨ।
ਸਾਨੂੰ ਕਹਿਣ ਲੱਗੇ ਕਿ ਆਓ ਤੁਹਾਨੂੰ ਬਾਬਾ ਜੀ ਨੂੰ ਮਿਲਾਉਂਦੇ ਹਾਂ, ਅਸੀਂ ਵੀ ਤੁਰ ਫ਼ਿਰ ਕੇ ਥੱਕ ਚੁੱਕੇ ਸਾਂ ਤੇ ਨਾਲ ਹੀ ਚੱਲ ਪਏ। ਜਦੋਂ ਬਾਬਾ ਜੀ ਟੈਂਟ ‘ਤੇ ਪਹੁੰਚੇ ਤਾਂ ਦਸ ਬਾਰਾਂ ਘੋੜੀਆਂ ਉੱਥੇ ਸਾਹਮਣੇ ਖੜ੍ਹੀਆਂ ਸਨ। ਇੱਕ ਪਾਸੇ ਬਾਬਾ ਜੀ ਦਾ ਕੁਟੀਆ ਵਰਗਾ ਟੈਂਟ ਅਤੇ ਇੱਕ ਵੱਡਾ ਹਾਲ ਇੱਕ ਪਾਸੇ ਟੈਂਟ ਲਾ ਕੇ ਬਣਾਇਆ ਹੋਇਆ ਸੀ। ਗੋਰਾ ਰੰਗ, ਭਰਵਾਂ ਸ਼ਰੀਰ, ਮੋਟੀਆਂ ਅੱਖਾਂ, ਚਿੱਟੀ ਭਰਵੀਂ ਦਾਹੜੀ ਵਾਲੇ ਬਾਬਾ ਜੀ ਅਪਣੀ ਕੁਟੀਆ ਦੇ ਬਾਹਰ ਆਸਣ ਲਾ ਕੇ ਬੈਠੇ ਹੋਏ ਸਨ। ਅਸੀਂ ਵੀ ਬਾਬਾ ਜੀ ਨੂੰ ਨਮਸਕਾਰ ਕਰ ਕੇ ਬੈਠ ਗਏ। ਬਾਬਾ ਜੀ ਦੀ ਅਵਾਜ਼ ਭਾਰੀ ਅਤੇ ਦਮਦਾਰ ਸੀ। ਡਾ. ਸਿੰਗਲਾ ਨੇ ਸਾਡੀ ਜਾਣ ਪਹਿਚਾਣ ਕਰਵਾਈ ਅਤੇ ਸਾਨੂੰ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਬਾਰੇ ਦੱਸਿਆ। ਰਾਜਸਥਾਨੀ ਮੂਲ ਦੇ ਲੋਕ ਬਾਬਾ ਜੀ ਨੂੰ ਮੱਥਾ ਟੇਕ ਕੇ ਜਾ ਰਹੇ ਸਨ, ਅਤੇ ਬਾਬਾ ਜੀ ਨੂੰ ਨਾਲ ਮਾਇਆ ਵੀ ਭੇਂਟ ਕਰ ਜਾਂਦੇ। ਪੰਜਾਬ ਦੇ ਲੋਕ ਵੀ ਬਾਬਾ ਜੀ ਕੋਲ ਆ ਜਾ ਰਹੇ ਸਨ। ਬਾਬਾ ਜੀ ਉਹਨਾਂ ਦਾ ਅਤੇ ਉਹਨਾਂ ਦੀਆਂ ਘੋੜੀਆਂ ਦਾ ਨਾਮ ਲੈ ਕੇ ਹਾਲ-ਚਾਲ ਪੁੱਛ ਰਹੇ ਸਨ।
ਥੋੜ੍ਹੀ ਦੇਰ ਬਾਅਦ ਉਹਨਾਂ ਨੇ ਆਪਣੇ ਇੱਕ ਖ਼ਾਸ ਸੇਵਕ ਮਾਸਟਰ ਜੀ ਨੂੰ ਅਵਾਜ਼ ਦਿੱਤੀ ਕਿ ਡਾਕਟਰ ਸਾਹਿਬ ਵਾਸਤੇ ਅੰਨਕੂਟ ਕਾ ਪ੍ਰਸਾਦ ਲੈ ਕੇ ਆਓ। ਅਸੀਂ ਬਾਬਾ ਜੀ ਨੂੰ ਆਪਣੇ ਆਉਣ ਦਾ ਮਕਸਦ ਵੀ ਦੱਸ ਚੁੱਕੇ ਸਾਂ। ਮਾਸਟਰ ਜੀ ਅੰਨਕੂਟ ਦਾ ਪ੍ਰਸਾਦ ਲੈ ਆਏ ਜੋ ਬਹੁਤ ਹੀ ਸੁਆਦੀ ਸੀ ਅਤੇ ਅਸੀਂ ਪਹਿਲੀ ਵਾਰ ਖਾਧਾ ਸੀ। ਬਾਬਾ ਜੀ ਚਿਲਮ ਪੀਣ ਦੇ ਬਹੁਤ ਆਦੀ ਸਨ, ਪਰ ਗੱਲ-ਬਾਤ ‘ਚ ਉਹਨਾਂ ਦਾ ਅਪਣਾ ਇੱਕ ਵੱਖਰਾ ਤਰਕ ਸੀ। ਬਾਬਾ ਜੀ ਬਹੁਤ ਤੇਜ਼ ਬੁੱਧੀ ਵਾਲੇ ਅਤੇ ਬੰਦੇ ਦੀ ਅੱਖ ਪਹਿਚਾਣ ਕੇ ਗੱਲ ਕਰਨ ਵਾਲੇ ਸਨ। ਉਹ ਅਪਣੇ ਭਗਤਾਂ ਨੂੰ ਆਸ਼ੀਰਵਾਦ ਦੇ ਲੰਗਰ ਪਾਣੀ ਛਕ ਕੇ ਜਾਣ ਲਈ ਕਹਿੰਦੇ, ਪਰ ਪੰਜਾਬੀ ਲੋਕਾਂ ਨਾਲ ਸਿਰਫ਼ ਘੋੜੀਆਂ ਦੀ ਗੱਲ ਹੀ ਕਰਦੇ। ਮਾਰਵਾੜੀ ਘੋੜੀਆਂ ਦੇ ਚੰਗੇ ਪਾਰਖੂ ਨੇ ਬਾਬਾ ਜੀ। ਅਸੀਂ ਡਾਕਟਰ ਸਾਹਿਬ ਨਾਲ ਵੱਡੇ ਹਾਲ ‘ਚ ਚਲੇ ਗਏ ਜਿੱਥੇ ਡਾ. ਸਿੰਗਲਾ ਨੇ ਅਰਾਮ ਕਰਨਾ ਸੀ। ਡਾ. ਸਿੰਗਲਾ ਨੇ ਦੱਸਿਆ ਕਿ ਬਾਬਾ ਜੀ ਦਾ ਡੇਰਾ ਤਾਂ ਕਾਲਾਗੜ੍ਹ ਹੈ, ਪਰ ਇੱਥੇ ਇੱਕ ਬਹੁਤ ਸੋਹਣਾ ਮੰਦਰ ਵੀ ਹੈ ਅਤੇ ਮੰਦਰ ‘ਚ ਘੋੜੀਆਂ ਦੀਆਂ ਮੂਰਤੀਆਂ ਹਨ। ਅਸੀਂ ਚਾਹ ਪਾਣੀ ਪੀ ਕੇ ਮੇਲੇ ਵੱਲ ਨੂੰ ਚੱਲ ਪਏ। ਸ਼ਾਮ ਨੂੰ ਅਸੀਂ ਬ੍ਰਹਮਾ ਮੰਦਰ ਅਤੇ ਸਰੋਵਰ ਦੇ ਦਰਸ਼ਨ ਕੀਤੇ। ਮੇਰੇ ਮਨ ‘ਚ ਬਾਬਾ ਜੀ ਬਾਰੇ ਜਾਨਣ ਦੀ ਤਾਂਘ ਹੋਰ ਵਧ ਗਈ ਸੀ। (ਚੱਲਦਾ)