ਆਪਣੇ ਆਪ ‘ਚ, ਜ਼ਿੰਦਗੀ ਨਾਲੋਂ ਵੱਧ ਮਹੱਤਵਪੂਰਣ ਹੋਰ ਕਿਹੜੀ ਸ਼ੈਅ ਹੈ? ਕੋਈ ਵੀ ਨਹੀਂ। ਜੇ ਇਸ ਸੰਸਾਰ ਵਿਚਲੇ ਸਾਰੇ ਗੁੱਸੈਲ ਲੋਕਾਂ ਨੂੰ ਕੇਵਲ ਇਹ ਇੱਕ ਤੱਥ ਸਮਝ ਆ ਜਾਵੇ ਤਾਂ ਹੋ ਸਕਦੈ ਕਿ ਉਹ ਗੁੱਸਾ ਕਰਨਾ ਘਟਾ ਦੇਣ। ਅਤੇ ਵਿਆਕੁਲ ਲੋਕ ਆਪਣੀ ਵਿਆਕੁਲਤਾ ਘਟਾਉਣ ਬਾਬਤ ਸੋਚਣ ਲੱਗਣ। ਅਤੇ ਉਦਾਸ ਲੋਕ ਘੱਟ ਉਦਾਸ ਰਹਿਣ ਬਾਰੇ। ਜ਼ਿੰਦਗੀ ਨੂੰ ਕਿਸੇ ਸਿਧਾਂਤ, ਟੀਚੇ ਜਾਂ ਅੰਦੋਲਨ ਦੇ ਪਿੱਛੇ ਲੱਗ ਕੇ ਜ਼ਾਇਆ ਕਰਨਾ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਉਸ ਨੂੰ ਕਿਸੇ ਖੋਖਲੇਪਨ ਜਾਂ ਲਾਲਚ ਵਸ ਬਰਬਾਦ ਕਰਨਾ। ਜੀਵਨ ਇੱਕ ਤੋਹਫ਼ਾ ਹੈ। ਇੱਕ ਅਜਿਹਾ ਬੇਸ਼ਕੀਮਤੀ ਤੋਹਫ਼ਾ ਜਿਹੜਾ ਕਿਸੇ ਨੂੰ ਵੀ ਕੇਵਲ ਇੱਕ ਹੀ ਵਾਰ ਦਿੱਤਾ ਜਾਂਦੈ। ਇਸ ਦਾ ਸਨਮਾਨ ਕਰੋ। ਜ਼ਿੰਦਗੀ ਪਲੱਸ ਕੁੱਝ ਹੋਰ ਨਾ ਭਾਲੋ … ਅਤੇ ਨਾ ਹੀ ਜ਼ਿੰਦਗੀ ਮਾਈਨਸ ਕੁੱਝ ਹੋਰ ਦੀ ਮੰਗ ਕਰੋ … ਜੋ ਇਹ ਹੈ, ਇਸ ਨੂੰ ਸਿਰਫ਼ ਉਸੇ ਲਈ ਪਿਆਰ ਕਰੋ, ਅਤੇ ਜਿੰਨਾ ਜ਼ਿਆਦਾ ਤੁਸੀਂ ਜ਼ਿੰਦਗੀ ਨੂੰ ਪਿਆਰ ਕਰੋਗੇ, ਓਨਾ ਹੀ ਜ਼ਿਆਦਾ ਜ਼ਿੰਦਗੀ ਤੁਹਾਨੂੰ ਵਾਪਿਸ ਪਿਆਰ ਕਰੇਗੀ!
ਆਪਣੇ ਵਿਸ਼ਵਾਸਾਂ ਨੂੰ ਲੈ ਕੇ ਲੋਕ ਬਹੁਤ ਹਾਸੋਹੀਣੇ ਬਣ ਜਾਂਦੇ ਹਨ। ਉਹ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਹ ਉਨ੍ਹਾਂ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਬਤੀਤ ਕਰਦੇ ਹਨ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਅਜਿਹਾ ਕਰਦੇ ਹੋਏ ਉਹ ਕਿੰਨੇ ਤਰਕਹੀਣ ਸੁਣਾਈ ਦੇ ਸਕਦੇ ਹਨ। ਉਹ ਉਨ੍ਹਾਂ ਫ਼ਲਸਫ਼ਿਆਂ ਨੂੰ ਬਹੁਤ ਘੁੱਟ ਕੇ ਫ਼ੜਦੇ ਹਨ ਜਿਹੜੇ ਉਨ੍ਹਾਂ ਨੇ ਆਪਣੇ ਜੀਵਨਾਂ ‘ਚ ਅਪਨਾਏ ਹੁੰਦੇ ਨੇ, ਅਤੇ ਉਨ੍ਹਾਂ ਪਰੰਪਰਾਵਾਂ ਦੀ ਪੂਰੀ ਮਜ਼ਬੂਤੀ ਨਾਲ ਪਾਲਣਾ ਕਰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ ਹੁੰਦੈ। ਆਪਣੀ ਨਿੱਜੀ ਜ਼ਿੰਦਗੀ ‘ਚ ਥੋੜ੍ਹਾ ਪੋਲੇ ਪੈਰੀਂ ਤੁਰੋ, ਖ਼ਾਸਕਰ ਜਦੋਂ ਤੁਸੀਂ ਖ਼ੁਦ ਨੂੰ ਕਿਸੇ ਅਜਿਹੇ ਮਸਲੇ ‘ਚ ਉਲਝੇ ਹੋਏ ਪਾਉਂਦੇ ਹੋ ਜਿਹੜਾ ਸੰਸਾਰ ਬਾਰੇ ਕਿਸੇ ਹੋਰ ਦੇ ਨਜ਼ਰੀਏ ਨੂੰ ਚੁਣੌਤੀ ਦੇ ਰਿਹਾ ਹੋਵੇ। ਅਤੇ ਯਾਦ ਰੱਖੋ, ਕਿਸੇ ਵੀ ਚੀਜ਼ ਨੂੰ ਦੇਖਣ ਲਈ ਹਮੇਸ਼ਾ ਇੱਕ ਤੋਂ ਵੱਧ ਨਜ਼ਰੀਏ ਹੁੰਦੇ ਨੇ। ਜਿਸ ਮੁੱਦੇ ‘ਤੇ ਤੁਸੀਂ ਸਵਾਲ ਖੜ੍ਹੇ ਕਰ ਰਹੇ ਹੋ, ਉਹ, ਜਿੰਨਾ ਤੁਸੀਂ ਸੋਚਦੇ ਹੋ, ਲੋਕਾਂ ਨੂੰ ਉਸ ਤੋਂ ਕਿਤੇ ਵੱਧ ਸਮਝ ‘ਚ ਆ ਰਿਹਾ ਹੈ।
ਜੇ ਤੁਹਾਡੇ ਕੋਲ ਕੋਈ ਅਜਿਹੀ ਯੋਜਨਾ ਹੈ ਜਿਸ ਵਿੱਚ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ, ਪਰ ਜਿਸ ਬਾਰੇ ਕੋਈ ਹੋਰ ਸ਼ੰਕੇ ਖੜ੍ਹੇ ਕਰਦਾ ਜਾਪ ਰਿਹੈ, ਆਪਣੇ ਆਪ ‘ਚ ਵਿਸ਼ਵਾਸ ਕਰਨਾ ਬੰਦ ਨਾ ਕਰੋ। ਕਈ ਵਾਰ ਸਾਨੂੰ ਦੂਜਿਆਂ ਨੂੰ ਇਹ ਦਿਖਾਉਣ ਦੀ ਲੋੜ ਹੁੰਦੀ ਹੈ ਕਿ ਸਾਡੇ ਕੋਲ ਆਪਣੇ ਵਿਸ਼ਵਾਸਾਂ ਦੀ ਹਿੰਮਤ ਅਤੇ ਦ੍ਰਿੜਤਾ ਮੌਜੂਦ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਸਾਡੀ ਪਰਖ ਕਰ ਰਹੇ ਹੋਣ, ਇਹ ਵੇਖਣ ਲਈ ਕਿ ਕੀ ਅਸੀਂ ਉਨ੍ਹਾਂ ਦੀ ਨਕਾਰਾਤਮਕਤਾ ਦਾ ਸਾਹਮਣਾ ਕਰਦੇ ਹੋਏ ਵੀ ਅੱਗੇ ਵਧਦੇ ਰਹਿ ਸਕਦੇ ਹਾਂ। ਅਸਲੀ ਖ਼ਤਰਨਾਕ ਨਾਂਹਪੱਖੀ ਵਿਅਕਤੀ ਕੋਈ ਹੋਰ ਨਹੀਂ, ਇਹ ਤੁਹਾਡੇ ਆਪਣੇ ਮਨ ਦੇ ਪਿੱਛੇ ਛੁਪੇ ਹੋਏ ਸ਼ੱਕ ਦੀ ਆਵਾਜ਼ ਹੈ। ਉਸ ‘ਤੇ ਕਾਬੂ ਪਾਓ। ਤੁਹਾਡਾ ਮੌਜੂਦਾ ਵੱਡਾ ਖ਼ਿਆਲ ਇੱਕ ਚੰਗਾ ਵਿਚਾਰ ਹੈ। ਉਸ ਨਾਲ ਜੁੜੇ ਰਹੋ, ਫ਼ਿਰ ਭਾਵੇਂ ਤੁਸੀਂ ਇਹ ਵੀ ਕਿਓਂ ਨਾ ਮਹਿਸੂਸ ਕਰਦੇ ਹੋਵੋ ਕਿ ਉਸ ਨੂੰ ਗੰਭੀਰਤਾ ਨਾਲ ਚੁਣੌਤੀ ਦਿੱਤੀ ਜਾ ਰਹੀ ਹੈ।
ਵਾਇਰਸਾਂ ਦੀ ਲਾਗ ਵਾਂਗ, ਵਿਚਾਰਾਂ ਤੋਂ ਸੰਕ੍ਰਮਿਤ ਹੋਣਾ ਆਸਾਨ ਹੁੰਦਾ ਹੈ ਅਤੇ ਉਨ੍ਹਾਂ ਤੋਂ ਪਿੱਛਾ ਛੁਡਾਉਣਾ ਬਹੁਤ ਔਖਾ। ਇੱਕ ਵਾਰ ਜਦੋਂ ਅਸੀਂ ਉਨ੍ਹਾਂ ਨੂੰ ਵਿਕਸਿਤ ਕਰ ਲੈਂਦੇ ਹਾਂ, ਅਸੀਂ ਉਨ੍ਹਾਂ ਨੂੰ ਕੇਵਲ ਖ਼ੁਦ ਹੀ ਨਹੀਂ ਹੰਡਾਉਂਦੇ ਸਗੋਂ ਚੁਪਚਪੀਤੇ ਅਸੀਂ ਉਨ੍ਹਾਂ ਨੂੰ ਦੂਜਿਆਂ ‘ਤੇ ਵੀ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਕੁੱਝ ਲੋਕ ਸਾਡੇ ਖ਼ਿਆਲਾਂ ਦੇ ਪ੍ਰਭਾਵ ਸਾਹਮਣੇ ਦੂਜਿਆਂ ਨਾਲੋਂ ਵਧੇਰੇ ਸੰਵੇਦਨਸ਼ੀਲ ਅਤੇ ਕਮਜ਼ੋਰ ਹੁੰਦੇ ਨੇ – ਅਤੇ, ਬੇਸ਼ੱਕ, ਜਿੰਨੀ ਤੇਜ਼ੀ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਉਨ੍ਹਾਂ ਵੱਲ ਘੱਲਦੇ ਹਾਂ, ਦੂਸਰੇ ਆਪਣੇ ਵਿਚਾਰ ਸਾਡੇ ਤੱਕ ਪਹੁੰਚਾਉਂਦੇ ਨੇ। ਤੁਹਾਡੇ ਸੰਸਾਰ ‘ਚ ਇਸ ਵੇਲੇ ਵਿਚਾਰਾਂ ਦੀ ਕੋਈ ਕਮੀ ਨਹੀਂ। ਪਰ ਠੋਸ ਅਤੇ ਚਲੰਤ ਜਾਣਕਾਰੀ ਦੀ ਘਾਟ ਜ਼ਰੂਰ ਹੈ। ਤੁਹਾਨੂੰ ਤੱਥਾਂ ਦੀ ਲੋੜ ਹੈ, ਅਤੇ ਉਹ ਤੁਹਾਨੂੰ ਓਦੋਂ ਤਕ ਨਹੀਂ ਮਿਲਣਗੇ ਜਦੋਂ ਤਕ ਤੁਸੀਂ ਸਿਧਾਂਤਾਂ ‘ਤੇ ਬਹੁਤ ਜ਼ਿਆਦਾ ਧਿਆਨ ਕੇਂਦ੍ਰਿਤ ਕਰਦੇ ਰਹੋਗੇ।
ਤੁਸੀਂ ਕੌਣ ਹੋ? ਇਸ ਤੋਂ, ਮੇਰੀ ਮੁਰਾਦ ਉਸ ਵਿਅਕਤੀ ਤੋਂ ਨਹੀਂ ਜੋ ਹੋਣ ਦਾ ਤੁਸੀਂ ਦਿਖਾਵਾ ਕਰ ਰਹੇ ਹੋ? ਨਾ ਹੀ ਮੈਂ ਤੁਹਾਨੂੰ ਇਹ ਪੁੱਛ ਰਿਹਾਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਸੀਂ ਆਪਣੇ ਸਮੇਂ ਨਾਲ ਕੀ ਕਰਦੇ ਹੋ ਜਾਂ ਤੁਹਾਡਾ ਕਿਸ ਨਾਲ ਮਹੱਤਵਪੂਰਣ ਭਾਵਨਾਤਮਕ ਸਬੰਧ ਹੈ? ਇਸ ਗੱਲ ਵੱਲ ਵੀ ਧਿਆਨ ਨਾ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਕੀ ਹੋਣਾ ਚਾਹੀਦਾ ਹੈ ਜਾਂ ਤੁਸੀਂ ਅਤੀਤ ‘ਚ ਵੱਖ-ਵੱਖ ਮੌਕਿਆਂ ਜਾਂ ਸਮਿਆਂ ‘ਤੇ ਕੌਣ ਰਹੇ ਹੋ। ਸਵਾਲ ਇਹ ਹੈ ਕਿ ਤੁਸੀਂ ਸੱਚਮੁੱਚ ਹੋ ਕੌਣ? ਤੁਸੀਂ ਸੱਚਮੁੱਚ ਕੀ ਕਰਨ ਦੇ ਕਾਬਿਲ ਹੋ? ਤੁਹਾਨੂੰ ਕਿਹੜੀ ਚੀਜ਼ ਖ਼ਾਸ ਬਣਾਉਂਦੀ ਹੈ? ਤੁਹਾਡੇ ਦਿਲ ‘ਚ ਕਿਹੜੀ ਮਹਾਨ ਸ਼ਕਤੀ ਛੁਪੀ ਹੋਈ ਹੈ? ਤੁਸੀਂ ਖ਼ੁਦ ਨੂੰ – ਅਤੇ ਸਾਰੇ ਸੰਸਾਰ ਨੂੰ – ਆਪਣੀ ਕਿਹੜੀ ਪ੍ਰਾਪਤੀ ਨਾਲ ਹੈਰਾਨ ਕਰ ਸਕਦੇ ਹੋ?