ਵਿਰੋਧੀ ਗਠਜੋੜ ਦਾ ਨਾਂ ਬਦਲਣ ਨਾਲ ‘ਸਨਾਤਨ ਧਰਮ’ ਪ੍ਰਤੀ ਨਫ਼ਰਤ ਲੁਕ ਨਹੀਂ ਸਕਦੀ : ਅਨੁਰਾਗ ਠਾਕੁਰ

ਨਵੀਂ ਦਿੱਲੀ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਡੀਐੱਮਕੇ ਨੇਤਾ ਉਦੈਨਿਧੀ ਸਟਾਲਿਨ ਦੀ ‘ਸਨਾਤਨ ਧਰਮ’ ਖ਼ਿਲਾਫ਼ ਟਿੱਪਣੀ ‘ਤੇ ਵਿਰੋਧੀ ਗਠਜੋੜ ‘ਇੰਡੀਆ’ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਗਠਜੋੜ ਦਾ ਸਿਰਫ਼ ਨਾਂ ਬਦਲਣ ਨਾਲ ‘ਭਾਰਤ’ ਅਤੇ ਉਸ ਦੀ ਅਮੀਰ ਸੰਸਕ੍ਰਿਤੀ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਨਫ਼ਰਤ ਨੂੰ ਲੁਕਾਇਆ ਨਹੀਂ ਜਾ ਸਕਦਾ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਕਿਹਾ, “ਯੂਪੀਏ ਤੋਂ ਘਮੰਡੀਆ ਵਿੱਚ ਨਾਂ ਬਦਲਣ ਨਾਲ ਇਸ ਸੱਚਾਈ ਨੂੰ ਛੁਪਾਇਆ ਨਹੀਂ ਜਾ ਸਕਦਾ ਕਿ ਭ੍ਰਿਸ਼ਟ ਲੋਕਾਂ ਦੇ ਇਸ ਅਪਵਿੱਤਰ ਗਠਜੋੜ ਨੇ ਭਾਰਤ, ਇਸ ਦੇ ਅਮੀਰ ਸੱਭਿਆਚਾਰ ਅਤੇ ਸਮਕਾਲੀ ਸਨਾਤਨ ਧਰਮ ਨਾਲ ਨਫ਼ਰਤ ਕਰਨਾ ਬੰਦ ਨਹੀਂ ਕੀਤਾ, ਜੋ ਸਦੀਆਂ ਤੋਂ ਦੇਸ਼ ਨੂੰ ਜੋੜਦਾ ਰਿਹਾ ਹੈ।”
ਠਾਕੁਰ ਦੀ ਇਹ ਪ੍ਰਤੀਕਿਰਿਆ ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਸਨਾਤਨ ਧਰਮ’ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।