ਰਾਹੁਲਯਾਨ ਦੀ ਨਾ ਲਾਂਚਿੰਗ ਹੋ ਸਕੀ, ਨਾ ਲੈਂਡਿੰਗ : ਰਾਜਨਾਥ

ਜੈਸਲਮੇਰ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਚੰਦਰਯਾਨ ਤਾਂ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫ਼ਲਤਾ ਨਾਲ ਉੱਤਰ ਗਿਆ ਪਰ ‘ਰਾਹੁਲਯਾਨ’ ਨਾ ਤਾਂ ਲਾਂਚ ਹੋ ਸਕਿਆ ਅਤੇ ਨਾ ਹੀ ਲੈਂਡ ਹੋ ਸਕਿਆ। ਡੀ. ਐੱਮ. ਕੇ. ਦੇ ਆਗੂ ਉਧਿਆਨਿਧੀ ਸਟਾਲਿਨ ਵੱਲੋਂ ਸਨਾਤਨ ਧਰਮ ’ਤੇ ਕੀਤੀ ਟਿੱਪਣੀ ਨੂੰ ਲੈ ਕੇ ਵਿਰੋਧੀ ਗੱਠਜੋੜ ‘ਇੰਡੀਆ’ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਇਸ ਵਿਚ ਸ਼ਾਮਲ ਵਿਅਕਤੀਆਂ ਨੂੰ ਸਨਾਤਨ ਧਰਮ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਜੈਸਲਮੇਰ ’ਚ ਭਾਜਪਾ ਦੀ ‘ਪਰਿਵਰਤਨ ਯਾਤਰਾ’ ਦੇ ਤੀਜੇ ਦੌਰ ਦੀ ਸ਼ੁਰੂਆਤ ’ਚ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿਚ ਸ਼ਾਮਲ ਲੋਕ ਸਨਾਤਨ ਧਰਮ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣ, ਨਹੀਂ ਤਾਂ ਇਹ ਦੇਸ਼ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ।
ਉਨ੍ਹਾਂ ਸਵਾਲ ਕੀਤਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਅਸ਼ੋਕ ਗਹਿਲੋਤ ਵਰਗੇ ਕਾਂਗਰਸੀ ਆਗੂ ਇਸ ਮੁੱਦੇ ’ਤੇ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਡੀ. ਐੱਮ. ਕੇ. ਨੇ ਸਨਾਤਨ ਧਰਮ ਨੂੰ ਠੇਸ ਪਹੁੰਚਾਈ ਹੈ ਪਰ ਕਾਂਗਰਸ ਚੁੱਪ ਹੈ। ਮੈਂ ਅਸ਼ੋਕ ਗਹਿਲੋਤ ਨੂੰ ਪੁਛਣਾ ਚਾਹੁੰਦਾ ਹਾਂ ਕਿ ਤੁਸੀਂ ਕਿਉਂ ਨਹੀਂ ਬੋਲਦੇ? ਸੋਨੀਆ ਜੀ ਕਿਉਂ ਨਹੀਂ ਬੋਲਦੇ? ਰਾਹੁਲ ਜੀ ਕਿਉਂ ਨਹੀਂ ਬੋਲਦੇ? ਖੜਗੇ ਕਿਉਂ ਨਹੀਂ ਬੋਲਦੇ? ਸਨਾਤਨ ਧਰਮ ਬਾਰੇ ਤੁਹਾਡੀ ਕੀ ਸੋਚ ਹੈ? ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਨਾਤਨ ਧਰਮ ਦਾ ਸਬੰਧ ਹੈ, ਇਸ ਨੂੰ ਸਿਰਫ਼ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਰਾਜਨਾਥ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਡਰਾਈਵਰ ਸੀਟ ’ਤੇ ਬੈਠੇ ਜ਼ਰੂਰ ਹਨ ਪਰ ਕਲੱਚ ਕੋਈ ਤੇ ਐਕਸਲੇਟਰ ਕੋਈ ਹੋਰ ਦਬਾਅ ਰਿਹਾ ਹੈ।