ਜੰਮੂ ਕਸ਼ਮੀਰ ਦੇ ਰਿਆਸੀ ‘ਚ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਮਾਰਿਆ, 2 ਜਵਾਨ ਜ਼ਖ਼ਮੀ

ਜੰਮੂ/ਰਿਆਸੀ – ਰਿਆਸੀ ਜ਼ਿਲ੍ਹੇ ਦੇ ਚਸਾਨਾ ਇਲਾਕੇ ’ਚ ਅੱਤਵਾਦੀਆਂ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਦ ਸੁਰੱਖਿਆ ਦਸਤਿਆਂ ਦੇ ਜਵਾਨ ਸ਼ੱਕੀ ਸਥਾਨ ਵੱਲ ਵਧੇ ਤਾਂ ਅੱਤਵਾਦੀਆਂ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਜਵਾਬੀ ਕਾਰਵਾਈ ’ਚ ਇਕ ਅੱਤਵਾਦੀ ਨੂੰ ਮਾਰ ਦਿੱਤਾ। ਏ. ਡੀ. ਜੀ. ਪੀ. ਜੰਮੂ ਮੁਕੇਸ਼ ਸਿੰਘ ਨੇ ਅੱਤਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਜਦਕਿ ਮੁਹਿੰਮ ਅਜੇ ਜਾਰੀ ਹੈ। ਮੁਕਾਬਲੇ ’ਚ ਫੌਜ ਦਾ ਜਵਾਨ ਅਤੇ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਰੱਖਿਆ ਬੁਲਾਰੇ ਲੈਫ. ਕਰਨਲ ਸੁਨੀਲ ਬਰਤਵਾਲ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ’ਤੇ ਫ਼ੌਜ ਦੇ ਜਵਾਨਾਂ ਨੇ ਰਿਆਸੀ ਜ਼ਿਲ੍ਹੇ ਦੇ ਚਸਾਨਾ ਦੇ ਨੇੜੇ ਤੁਲੀ ਬਸਨਾ ’ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ ਅਤੇ ਦੋਵਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ।
ਮੁਕਾਬਲੇ ਦੌਰਾਨ ਜਵਾਨਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਜਦਕਿ ਮੁਕਾਬਲਾ ਸਥਾਨ ’ਤੇ ਲੁਕੇ ਹੋਰ ਅੱਤਵਾਦੀਆਂ ਵਿਚਾਲੇ ਗੋਲ਼ੀਬਾਰੀ ਜਾਰੀ ਹੈ।