ਮੇਰੀ ਅਦਾਲਤੀ ਦੁਨੀਆਂ

ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਜਦ ਮੈਂ ਕਚਹਿਰੀ ਕਲਚਰ ਤੋਂ ਬਾਹਰ ਆਇਆ, ਜੱਜ ਦੇ ਅਰਦਲੀ ਵਾਲੀ ਨੌਕਰੀ ਛੱਡ ਕੇ, ਤਾਂ ਕਾਫ਼ੀ ਦੇਰ ਕਚਹਿਰੀ ਦੇ ਗੁੰਬਦ, ਖੁੱਲਮ ਖੁੱਲ੍ਹੇ ਵਰਾਂਡੇ, ਅਦਾਲਤਾਂ ਦੇ ਚੈਂਬਰ ਅਤੇ ਜੱਜ ਸਾਹਿਬ ਦੀ ਲਾਲ ਕੋਠੀ ਆਪਣੇ ਵੱਲ ਹਾਕਾਂ ਮਾਰਦੇ ਰਹੇ। ਮੈਂ ਬੜਾ ਬੇਚੈਨ ਰਿਹਾ। ਸੁਪਨੇ ‘ਚ ਵੀ ਤੋਤਾ ਸਿੰਘ-ਬਨਾਮ-ਮਿੱਠਾ ਸਿੰਘ ਹਾਜ਼ਰ ਹੋ ਦੇ ਹੋਕੇ ਲਾਉਂਦਾ ਰਿਹਾ। ਕਚਹਿਰੀ ਛੱਡਣ ਤੋਂ ਬਾਅਦ ਪਟਿਆਲਾ ਭਾਸ਼ਾ ਵਿਭਾਗ ‘ਚ ਮਾਲੀ ਦੀ ਅਧਪੱਕੀ ਨੌਕਰੀ ਮਿਲ ਗਈ ਅਤੇ ਉਥੇ ਸ਼ੇਰਾਂ ਵਾਲੇ ਗੇਟ ਦਫ਼ਤਰ ‘ਚ ਹੀ ਸੌਣ ਲੱਗ ਪਿਆ। ਦਫ਼ਤਰ ‘ਚ ਵੜਦੇ ਆਵਾਰਾ ਪਸ਼ੂਆਂ ਨੂੰ ਭਜਾਉਂਦਾ ਫ਼ਿਰਦਾ ਅਵਾਰਾ ਕੁੱਤੇ ਭੌਕਦੇ ਤਾਂ ਉੱਠ ਕੇ ਬਹਿ ਜਾਂਦਾ ਮੈ। ਕਚਹਿਰੀ ਬੜੀ ਚੇਤੇ ਆਉਂਦੀ ਮੈਨੂੰ।
ਇੱਕ ਦਿਨ ਭਾਸ਼ਾ ਵਿਭਾਗ ਦੇ ਪੰਜਾਬੀ ਵਿਸ਼ਵ ਕੋਸ਼ ਦੀ ਸੰਪਾਦਕੀ ਕਮੇਟੀ ਦੀ ਮੀਟਿੰਗ ਸੀ, ਅਤੇ ਮੇਰੀ ਡਿਊਟੀ ਆਏ ਵਿਦਵਾਨਾਂ ਨੂੰ ਚਾਹ ਪਾਣੀ ਪਿਲਾਉਣ ‘ਤੇ ਲੱਗ ਗਈ, ਪੱਕਾ ਚਪੜਾਸੀ ਸ਼ਾਮ ਲਾਲ ਓਦਣ ਛੁੱਟੀ ‘ਤੇ ਸੀ। ਕੋਸ਼ ਦੀ ਉਸ ਮੀਟਿੰਗ ‘ਚ ਗੁਰਬਚਨ ਸਿੰਘ ਭੁੱਲਰ ਦਿੱਲੀ ਤੋਂ ਆਏ। ਮੈਂ ਉਨਾਂ ਨੂੰ ਪਹਿਲੀ ਵਾਰੀ ਮਿਲਿਆ। ਬੜੀ ਨਿੱਘੀ ਅਤੇ ਪਿਆਰੀ ਮਿਲਣੀ ਸੀ। ਵਾਪਿਸ ਜਾਂਦੇ ਕਹਿ ਗਏ, ”ਆਪਣੇ ਕਚਹਿਰੀ ਦੇ ਤਜਰਬਿਆਂ ਨੂੰ ਕਲਮ ਨਾਲ ਚਿਤਰਿਆ ਕਰ ਅਤੇ ਘੌਲ ਨਾ ਕਰੀਂ, ਜ਼ਰੂਰ ਲਿਖੀਂ ਏਹੇ ਤੂੰ ਬੱਚੂ।” ਮੰਨੇ ਪਰਮੰਨੇ ਲੇਖਕ ਵਲੋਂ ਦਿੱਤੀ ਹੱਲਾਸ਼ੇਰੀ ਨੇ ਮੈਨੂੰ ਹਲੂਣਿਆ। ਓਦੋਂ ਮੈਂ ਆਪਣੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਜੀਵਨੀ ਅਤੇ ਕਲਾ ਬਾਰੇ ਕਿਤਾਬ ਲਿਖ ਰਿਹਾ ਸਾਂ। ਉਸੇ ਦਿਨ ਦੀ ਆਥਣ ਇੱਕ ਮਿਡਲ ਰੂਪੀ ਰਚਨਾ ਲਿਖ ਕੇ ਰੱਖ ਲਈ। ਕਈ ਮਹੀਨੇ ਲੰਘ ਗਏ। ਕਚਹਿਰੀ ਦੀਆਂ ਯਾਦਾਂ ਦੋ ਹੋਰ ਲਿਖ ਲਈਆਂ। ਉਸਤਾਦ ਜੀ ਵਾਲੀ ਕਿਤਾਬ ਦਾ ਕੰਮ ਵੀ ਨਾਲ ਨਾਲ ਕਰੀ ਗਿਆ। ਇੱਕ ਦਿਨ ਖ਼ਬਰ ਪੜ੍ਹੀ ਜਿਸ ਦਾ ਸਿਰਲੇਖ ਸੀ, ”ਗੁਰਬਚਨ ਸਿੰਘ ਭੁੱਲਰ ਪੰਜਾਬੀ ਟ੍ਰਿਬਿਊਨ ਦੇ ਬਣੇ ਨਵੇਂ ਸੰਪਾਦਕ।” ਖ਼ੁਸ਼ੀ ਨਾਲ ਵਧਾਈ ਦੀ ਚਿੱਠੀ ਲਿਖੀ ਅਤੇ ਪਹਿਲੀ ਲਿਖ ਕੇ ਰੱਖੀ ਹੋਈ ਇੱਕ ਰਚਨਾ ਵੀ ਨਾਲ ਹੀ ਡਾਕ ‘ਚ ਪਾ ਦਿੱਤੀ। ਥੋੜ੍ਹੇ ਦਿਨਾਂ ਬਾਅਦ ਪਟਿਆਲਿਓਂ ਪਿੰਡ ਗਿਆ ਤਾਂ ਪੰਜਾਬੀ ਟ੍ਰਿਬਿਊਨ ਵਲੋਂ ਚਿੱਠੀ ਆਈ ਪਈ ਸੀ, ਭੁੱਲਰ ਸਾਹਿਬ ਦੀ। ਲਿਖਿਆ ਸੀ ਕਿ ਪਹਿਲੀ ਲਿਖਤ ਪੜ੍ਹੀ ਹੈ, ਵਧੀਆ ਲੱਗੀ, ਅਤੇ ਦੋ ਹੋਰ ਲਿਖ ਕੇ ਘੱਲ, ਫ਼ਿਰ ਤੇਰਾ ਇਹ ਲੜੀਵਾਰ ਸ਼ੁਰੂ ਕਰਾਂਗੇ। ਚਿੱਠੀ ਪੜ੍ਹ ਕੇ ਦੋਵੇਂ ਲਿਖਤਾਂ ਘੱਲੀਆਂ। ਸ਼ਨੀਵਾਰ ਦੇ ਵੰਨ ਸੁਵੰਨ ਅੰਕ ‘ਚ ਛਪ ਗਈ ਪਹਿਲੀ ਲਿਖਤ ਅਤੇ ਸਿਰਲੇਖ ਉਨ੍ਹਾਂ ਆਪੇ ਦਿੱਤਾ: ਸਾਹਿਤ ਕਾਰਨ ਮਿਲੀ ਸਰਕਾਰੀ ਨੌਕਰੀ। ਫ਼ਿਰ ਚੱਲ ਸੋ ਚੱਲ! ਇਹ ਲਿਖਤਾਂ ਤੀਹ ਹਫ਼ਤੇ ਛਪੀਆਂ। ਭੁੱਲਰ ਸਾਹਿਬ ਨੇ ਭੂਮਿਕਾ ਲਿਖੀ। ਬਰਨਾਲੇ ਮੇਘ ਰਾਜ ਮਿੱਤਰ ਨੂੰ ਕਿਤਾਬ ਛਪਣੀ ਘੱਲ ਦਿੱਤੀ ਅਤੇ ਵਿਸ਼ਵ ਭਾਰਤੀ ਪਰਕਾਸ਼ਨ ਵਲੋਂ ਵੀਹ ਰੁਪਈਏ ਰੇਟ ਰੱਖ ਕੇ ਕਿਤਾਬ ਛਪ ਗਈ ਪੇਪਰ ਬੈਕ ‘ਚ। ਹੁਣ ਤਕ ਇਸ ਕਿਤਾਬ ਦੇ ਪੰਜਾਬੀ ‘ਚ 12 ਐਡੀਸ਼ਨ ਛਪ ਚੁੱਕੇ ਹਨ ਅਤੇ NBT ਵਲੋਂ ਅੰਗਰੇਜੀ ‘ਚ ਅਨੁਵਾਦ ਹੋ ਕੇ ਛਪਣ ਸਮੇਤ ਕਈ ਭਾਰਤੀ ਭਾਸ਼ਾਵਾਂ ‘ਚ ਅਨੁਵਾਦ ਹੋਈ ਅਤੇ ਛਪੀ।
***
1997 ‘ਚ ਛਪੀ ਨਾਵਲੈੱਟ ਗੋਧਾ ਅਰਦਲੀ ਵੀ ਕਚਹਿਰੀਓਂ ਸੁਣੀ ਇੱਕ ਕਥਾ ‘ਤੇ ਆਧਾਰਿਤ ਸੀ। ਯਾਦ ਹੈ ਕਿ ਜੈਤੋ ਗਿਆ ਸਾਂ। ਪ੍ਰੋ.ਗੁਰਦਿਆਲ ਸਿੰਘ ਕੋਲ ਬੈਠਾ ਸਾਂ। ਆਖਣ ਲੱਗੇ ਕਿ ਹੁਣ ਏਸ ਇਕੋ ਕਿਤਾਬ ਨਾਲ ਹੀ ਬਸ ਨਾ ਕਰੀਂ, ਤੇਰੇ ਅੰਦਰ ਅਦਾਲਤੀ ਦੁਨੀਆਂ ਬਾਰੇ ਹਾਲੇ ਬੜਾ ਕੁੱਝ ਪਿਆ ਹੋਇਐ, ਅਤੇ ਉਹ ਖੁਰਚ ਖੁਰਚ ਕੇ ਕੱਢ ਬਾਹਰ। ਗੱਲ ਉਨ੍ਹਾਂ ਦੀ ਠੀਕ ਜਾਪੀ। ਸਰਕਾਰੀ ਬਸ ‘ਚ ਜੈਤੋ ਤੋਂ ਵਾਪਿਸ ਆਉਂਦਿਆਂ ਅਦਾਲਤੀ ਦੁਨੀਆਂ ਦੇ ਗੁਆਚੇ ਪਾਤਰ ਲੱਭਣ ਲੱਗਿਆ ਮੈਂ। ਛੇ ਮਹੀਨੇ ਬਾਅਦ ਕਾਲੇ ਕੋਟ ਦਾ ਦਰਦ ਕਿਤਾਬ ਚੇਤਨਾ ਵਾਲਿਆਂ ਨੇ ਛਾਪੀ, ਅਤੇ ਅਗਲੇ ਸਾਲ ਈ ਉਸ ਦਾ ਦੂਜਾ ਐਡੀਸ਼ਨ ਆ ਗਿਆ ਅਤੇ ਦਿੱਲੀ ਸ਼ਿਲਾਲੇਖ ਵਾਲਿਆਂ ਨੇ ਹਿੰਦੀ ਰੂਪ ਵੀ ਛਾਪ ਦਿੱਤਾ। ਤੀਸਰੀ ਕਿਤਾਬ ਮੇਰਾ ਅਦਾਲਤਨਾਮਾ ਵੀ ਇਓਂ ਹੀ ਲਿਖੀ ਗਈ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਜਦ ਸੁਰਿੰਦਰ ਸਿੰਘ ਤੇਜ ਸਨ ਤਾਂ ਉਨਾਂ ਲੜੀਵਾਰ ਨਿਆਂ ਪਾਲਿਕਾ ਡਾਇਰੀ ਸ਼ੁਰੂ ਕਰਵਾਈ, ਅਤੇ ਉਸ ਵਿਚਲੀਆਂ ਕਾਫ਼ੀ ਲਿਖਤਾਂ ਮੇਰਾ ਅਦਾਲਤਨਾਮਾ ‘ਚ ਸ਼ਾਮਿਲ ਕਰ ਲਈਆਂ।
ਕਚਹਿਰੀ ਛੱਡੀ ਨੂੰ ਚਾਹੇ ਦੇਰ ਹੋ ਗਈ ਹੈ, ਪਰ ਅਦਾਲਤੀ ਦੁਨੀਆਂ ਦੇ ਗੌਲੇ ਅਣਗੌਲੇ ਅਤੇ ਨੇੜਲੇ ਦੂਰਲੇ ਪਾਤਰ ਹਾਲੇ ਵੀ ਮੈਨੂੰ ਕੁੱਝ ਨਾ ਕੁੱਝ ਲਿਖਣ ਲਈ ਵਾਸਤੇ ਪਾਉਂਦੇ ਰਹਿੰਦੇ ਨੇ। ਇਸੇ ਕਾਰਣ ਹੀ ਮੈਂ ਅਦਾਲਤੀ ਦੁਨੀਆਂ ਦੇ ਪਾਤਰਾਂ ਨੂੰ ਚੇਤੇ ਕਰਦਿਆਂ ਉਨਾਂ ਨੂੰ ਸ਼ਬਦੀ ਰੂਪ ਦਿੰਦਾ ਰਹਿੰਦਾ ਹਾਂ ਅਤੇ ਬਹੁਤਿਆਂ ਨੂੰ ਲੱਭ ਲਭਾ ਕੇ ਮਿਲਦਾ ਗਿਲਦਾ ਵੀ ਰਹਿੰਦਾ ਹਾਂ। ਇੱਕ ਕਾਰਣ ਹੋਰ ਵੀ ਹੈ ਕਿ ਅਦਾਲਤੀ ਨੌਕਰੀ ਸਮੇਂ ਮੇਰੇ ਨਾਲ ਕੁੱਝ ਅਜੀਬ ਜਿਹੇ ਵਰਤਾਰੇ ਹੋਏ ਸਨ। ਉਹ ਕਦੇ ਵੀ ਨਾ ਭੁੱਲ ਸਕਣ ਵਾਲੇ ਹਨ। ਹਾਲੇ ਵੀ ਕਦੇ ਕਦੇ, ਕੁੱਝ ਨਾ ਕੁੱਝ, ਕਿਸੇ ਰੂਪ ‘ਚ ਯਾਦ ਆ ਜਾਏ ਤਾਂ ਆਪਣੇ ਆਪ ਸ਼ਬਦੀ ਰੂਪ ਧਾਰਨ ਕਰ ਲੈਂਦਾ ਹੈ। ਕਚਹਿਰੀ ਤੋਂ ਕੋਠੀ ਤਕ, ਇੱਕ ਕਹਾਣੀ ਵਰਗੀ ਲਿਖਤ (ਜੋ ਤ੍ਰੈਮਾਸਿਕ ਹੁਣ ‘ਚ ਛਪੀ ਸੀ) ਰਾਹੀਂ ਇੱਕ ਜੱਜ ਮੈਡਮ ਦੀ ਮਾਨਸਿਕਤਾ ਨੂੰ ਕਈ ਪੱਖਾਂ ਤੋਂ ਪੇਸ਼ ਕਰ ਗਿਆ ਸਾਂ, ਪਤਾ ਹੀ ਨਾ ਲੱਗਿਆ ਕਿਵੇਂ ਲਿਖ ਹੋ ਗਈ ਸੀ ਉਹ ਲਿਖਤ, ਅਤੇ ਉਸ ‘ਤੇ ਇੱਕ ਲਘੂ ਫ਼ਿਲਮ ਵੀ ਬਣਾਈ ਗਈ। ਕਚਹਿਰੀ ‘ਚੋਂ ਇਨਸਾਫ਼ ਲੈਣ ਆਏ, ਸਮਿਆਂ ਦੇ ਝੰਬੇ ਝੰਬਾਏ ਪੀੜਤ, ਦੁਖੀ ਅਤੇ ਗ਼ਰੀਬ ਲੋਕ ਮੈਥੋਂ ਸਹਾਰ ਨਾ ਹੁੰਦੇ, ਡਾਹਢਾ ਦੁਖੀ ਹੋ ਜਾਂਦਾ ਸਾਂ ਅਤੇ ਇਓਂ ਹੀ ਕੁੱਝ ਨਾ ਕੁੱਝ ਲਿਖ ਕੇ ਰਾਹਤ ਜਿਹੀ ਮਹਿਸੂਸ ਕਰਦਾ। ਹੁਣ ਵੀ ਕਦੇ-ਕਦੇ ਮੇਰਾ ਮਨ ਕਚਹਿਰੀਆਂ ‘ਚ ਉਹਨਾਂ ਥਾਵਾਂ ਨੂੰ ਮਿਲਣ ਵਾਸਤੇ ਮੱਲੋਮੱਲੀ ਕਰ ਆਉਂਦਾ ਹੈ ਜਿਥੇ ਬਹਿ ਕੇ ਮੈਂ ਆਪਣੇ ਉਸਤਾਦ ਯਮਲੇ ਜੱਟ ਦੀ ਤੂੰਬੀ ਨਾਲ ਇਕੱਲ-ਮੁਕੱਲਾ ਈ ਗਾਉਣ ਲੱਗ ਜਾਇਆ ਕਰਦਾ ਸਾਂ। ਇੱਕ ਦਿਨ ਸ਼ਹਿਰ ਗਿਆ ਸਾਂ ਤਾਂ ਮੇਰੀ ਸਕੂਟਰੀ ਮੱਲੋਮੱਲੀ ਜੱਜ ਸਾਹਿਬ ਦੀ ਕੋਠੀ ਵੱਲ ਮੁੜ ਗਈ। ਦਿਲ ਕੀਤਾ ਕਿ ਕਿੰਨੇ ਵਰੇ ਬੀਤ ਗਏ ਨੇ, ਸਾਹਬ ਦੀ ਕੋਠੀ ਦੇ ਦਰਸ਼ਨ ਕਰ ਆਵਾਂ ਜਿਥੇ ਮੈਂ ਜੀਵਨ ਦੇ ਸੁਨਹਿਰੀ ਦਿਨ ਬਿਤਾਏ ਸਨ। ਜਦ ਵਾਪਿਸ ਘਰ ਮੁੜਿਆ ਤਾਂ ਲਾਲ ਕੋਠੀ ਨਾਂ ਹੇਠ ਇੱਕ ਨਿਬੰਧ ਲਿਖਿਆ, ਜਿਸ ਦਾ ਅੰਤਲਾ ਪੈਰਾ ਇਓਂ ਹੈ: ਦੇਖਾਂ ਤਾਂ ਸਈ ਕੋਠੀ ਦੇ ਪਿਛਲੇ ਪਾਸੇ ਅਰਦਲੀ ਦੇ ਰਹਿਣ ਵਾਲਾ (ਮੇਰਾ) ਕਮਰਾ ਹਾਲੇ ਹੈ ਕਿਸੇ ਨੇ ਭੰਨ ਢਾਹ ਦਿੱਤੈ ਕਿ ਨਹੀਂ? ਬੌਣੀ ਜਿਹੀ ਢੱਠੀ ਕੰਧ ਤੋਂ ਦੀ ਮੈਂ ਕੋਠੀ ਅੰਦਰ ਛਾਲ ਮਾਰ ਦਿੱਤੀ। ਆਪ ਮੁਹਾਰੇ ਉੱਗਿਆ ਝਾੜ ਬੂਟ ਅਤੇ ਨਿਕ ਸੁਕ ਮਿਧਦਾ ਕੋਠੀ ਦੇ ਪਿੱਛੇ ਗਿਆ। ਪੁਰਾਣੀਆਂ ਲੱਕੜਾਂ ਅਤੇ ਬੌਡੇ …
ਜਦ ਮੈਂ ਦੇਸ਼ ਬਦੇਸ਼ ਯਾਤਰਾਵਾਂ ‘ਤੇ ਗਿਆ ਤਾਂ ਉਨਾਂ ਮੁਲਕਾਂ ਦੀਆਂ ਕਚਹਿਰੀਆਂ ਦੇਖਣ ਤੋਂ ਨਾ ਰਹਿ ਸਕਿਆ। ਲੰਡਨ ‘ਚ ਇੱਕ ਕੋਰਟ ਗਿਆ। ਅਦਾਲਤੀ ਸੁਣਵਾਈ ਹੁੰਦੀ ਵੇਖੀ, ਸੁਣਵਾਈ ਅਧੀਨ ਕੇਸ ਕੀ ਸੀ, ਡੂੰਘਾਈ ਨਾਲ ਜਾਣਿਆ। ਕਿਹੋ ਜਿਹਾ ਹੈ ਲੰਡਨ ਦਾ ਨਿਆਂਇਕ ਢਾਂਚਾ, ਇਸ ਬਾਬਤ ਇੱਕ ਨਿਬੰਧ ਵੀ ਲਿਖਿਆ। ਵਾਹਵਾ ਪਸੰਦ ਕੀਤਾ ਪਾਠਕਾਂ ਨੇ। ਇਓਂ ਹੀ ਮੈਂ ਕਚਹਿਰੀ ਨਾਲ ਜੁੜੇ ਜੱਜਾਂ, ਵਕੀਲਾਂ ਤੋਂ ਇਲਾਵਾ ਉਨ੍ਹਾਂ ਦੇ ਮੁਨਸ਼ੀਆਂ, ਪਿਆਦਿਆਂ, ਅਰਦਲੀਆਂ, ਮਾਲੀਆਂ, ਧੋਬੀਆਂ, ਨੈਬਕੋਟਾਂ, ਰੀਡਰਾਂ, ਅਹਿਲਮਦਾਂ, ਸਟੈਨੋਆਂ, ਜੱਜਾਂ ਦੇ ਗੰਨਮੈਨਾਂ ਅਤੇ ਡਰਾਈਵਰਾਂ ਆਦਿ ਬਾਰੇ ਵੀ ਕੁੱਝ ਨਾ ਕੁੱਝ ਯਾਦ ਆਉਣ ‘ਤੇ ਲਿਖਦਾ ਹੀ ਰਹਿੰਦਾ ਹਾਂ। ਲੰਬਾ ਅਰਸਾ ਹੋ ਗਿਐ ਕਚਹਿਰੀ ‘ਚੋਂ ਨਿਕਲੇ ਨੂੰ ਪਰ ਵੰਨ ਸੁਵੰਨੇ ਪਾਤਰ ਨਹੀਂ ਭੁੱਲੇ। ਇਸੇ ਕਰ ਕੇ ਉਨ੍ਹਾਂ ਬਾਬਤ ਲਿਖਣ ਦਾ ਸਬੱਬ ਬਣੀ ਤੁਰਿਆ ਜਾਂਦਾ ਹੈ।
941742170