ਜਾਨ੍ਹਵੀ ਕਪੂਰ ਨੇ ਕੀਤਾ ਆਪਣੇ ਪਹਿਲੇ ਸੱਚੇ ਪਿਆਰ ਦਾ ਜ਼ਿਕਰ

ਜਾਨ੍ਹਵੀ ਕਪੂਰ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ‘ਚ ਬਣੀ ਰਹਿੰਦੀ ਹੈ। ਜਾਨ੍ਹਵੀ ਕਪੂਰ ਦਾ ਨਾਂ ਹੁਣ ਤਕ ਕਈ ਕਲਾਕਾਰਾਂ ਨਾਲ ਜੁੜ ਚੁੱਕਾ ਹੈ। ਅਦਾਕਾਰਾ ਨੇ ਕਦੇ ਵੀ ਆਪਣੇ ਰਿਸ਼ਤਿਾਂ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ, ਪਰ ਹੁਣ ਟਿੰਡਰ ਸਵਾਈਪ ਦੇ ਨਵੇਂ ਐਪੀਸੋਡ ‘ਚ ਜਾਨ੍ਹਵੀ ਨੇ ਕੁਸ਼ਾ ਕਪਿਲਾ ਨਾਲ ਆਪਣੇ ਰਿਸ਼ਤਿਆਂ ਬਾਰੇ ਰਾਜ਼ ਖੋਲ੍ਹਿਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਸੀਰੀਅਸ ਰਿਸ਼ਤੇ ਨੂੰ ਲੈ ਕੇ ਵੀ ਵੱਡਾ ਅਤੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ।
ਦਰਅਸਲ ਟਿੰਡਰ ਸਵਾਈਪ ਦੇ ਇੱਕ ਤਾਜ਼ਾ ਐਪੀਸੋਡ ‘ਚ ਹੋਸਟ ਕੁਸ਼ਾ ਕਪਿਲਾ ਨੇ ਜਾਨ੍ਹਵੀ ਕਪੂਰ ਨੂੰ ਮਹਿਮਾਨ ਵਜੋਂ ਬੁਲਾਇਆ ਸੀ, ਅਤੇ ਉਸ ਨੇ ਅਦਾਕਾਰਾ ਨਾਲ ਆਪਣੇ ਰਿਸ਼ਤੇ ਬਾਰੇ ਕਈ ਖ਼ੁਲਾਸੇ ਕੀਤੇ। ਸ਼ੋਅ ਦਾ ਇੱਕ ਪ੍ਰੋਮੋ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਜਿਸ ‘ਚ ਜਾਨ੍ਹਵੀ ਨੇ ਖ਼ੁਲਾਸਾ ਕੀਤਾ ਕਿ ਉਸ ਦਾ ਪਹਿਲਾ ਸੀਰੀਅਸ ਰਿਸ਼ਤਾ ਇੱਕ ਐਡਵੈਂਚਰ ਸੀ ਕਿਉਂਕਿ ਉਹ ਗੁਪਤ ਰੂਪ ‘ਚ ਮਿਲਦੇ ਸਨ। ਇਸ ਦੇ ਨਾਲ ਹੀ ਉਹ ਆਪਣੇ ਰਿਸ਼ਤੇ ਨੂੰ ਸਾਰਿਆਂ ਤੋਂ ਲੁਕੋ ਕੇ ਰੱਖਦੀ ਸੀ।
ਜਾਨ੍ਹਵੀ ਕਪੂਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਆਪਣੇ ਸੀਰੀਅਸ ਸਾਥੀ ਨਾਲ ਰਿਸ਼ਤਾ ਇਸ ਲਈ ਤੋੜਨਾ ਪਿਆ ਕਿਉਂਕਿ ਉਸ ਦੇ ਮਾਤਾ-ਪਿਤਾ ਬੋਨੀ ਕਪੂਰ ਅਤੇ ਸ਼੍ਰੀਦੇਵੀ ਇਸ ਦੇ ਖ਼ਿਲਾਫ਼ ਸਨ। ਜਾਨ੍ਹਵੀ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਮਾਪਿਆਂ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਝੂਠ ਬੋਲ-ਬੋਲ ਕੇ ਥੱਕ ਗਈ ਸੀ। ਅਦਾਕਾਰਾ ਨੇ ਕਿਹਾ, ”ਬਦਕਿਸਮਤੀ ਨਾਲ ਉਹ ਰਿਸ਼ਤਾ ਖ਼ਤਮ ਹੋ ਗਿਆ ਕਿਉਂਕਿ ਮੈਨੂੰ ਬਹੁਤ ਝੂਠ ਬੋਲਣਾ ਪਿਆ, ਅਤੇ ਮੇਰੀ ਮਾਂ ਤੇ ਪਿਤਾ ਨੇ ਕਿਹਾ ਕਿ ਨਹੀਂ ਤੁਹਾਡਾ ਕਦੇ ਬੁਆਏਫ਼੍ਰੈਂਡ ਨਹੀਂ ਹੋਵੇਗਾ।”
ਜਾਹਨਵੀ ਕਪੂਰ ਨੇ ਅੱਗੇ ਕਿਹਾ ਕਿ ਉਸ ਤੋਂ ਬਾਅਦ ਉਸ ਨੂੰ ਰਿਸ਼ਤੇ ਲਈ ਮਾਤਾ-ਪਿਤਾ ਦੀ ਮਨਜ਼ੂਰੀ ਦੀ ਮਹੱਤਤਾ ਦਾ ਅਹਿਸਾਸ ਹੋਇਆ। ਅਦਾਕਾਰਾ ਨੇ ਕਿਹਾ ਕਿ ਇਹ ਤੁਹਾਨੂੰ ਆਤਮਵਿਸ਼ਵਾਸ ਅਤੇ ਆਸਾਨ ਮਹਿਸੂਸ ਕਰਾਉਂਦਾ ਹੈ। ਜਾਨ੍ਹਵੀ ਕਪੂਰ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਉਸ ਦਾ ਨਾਂ ਉਸ ਦੀ ਡੈਬੀਊ ਫ਼ਿਲਮ ਧੜਕ ਦੇ ਕੋ-ਸਟਾਰ ਈਸ਼ਾਨ ਖੱਟਰ ਨਾਲ ਜੁੜ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਸ਼ਿਖਰ ਪਹਾੜੀਆ ਅਤੇ ਓਰਹਾਨ ਅਵਤਰਮਨੀ ਨਾਲ ਰਿਲੇਸ਼ਨਸ਼ਿਪਸ ‘ਚ ਹੋਣ ਦੀਆਂ ਖ਼ਬਰਾਂ ਵੀ ਸੁਰਖ਼ੀਆਂ ‘ਚ ਆ ਚੁੱਕੀਆਂ ਹਨ।
ਜਾਨ੍ਹਵੀ ਕਪੂਰ ਨੇ ਪਿਛਲੇ ਦਿਨੀਂ ਇੱਕ ਇੰਟਰਵਿਊ ‘ਚ ਓਰਹਾਨ ਅਵਤਰਮਨੀ ਨਾਲ ਰਿਲੇਸ਼ਨਸ਼ਿਪ ‘ਚ ਹੋਣ ਦੀਆਂ ਅਫ਼ਵਾਹਾਂ ‘ਤੇ ਚੁੱਪੀ ਤੋੜੀ। ਅਦਾਕਾਰਾ ਨੇ ਕਿਹਾ, ”ਮੈਂ ਓਰੀ ਨੂੰ ਕਈ ਸਾਲਾਂ ਤੋਂ ਜਾਣਦੀ ਹਾਂ ਅਤੇ ਉਹ ਇੱਕ ਅਜਿਹਾ ਵਿਅਕਤੀ ਹੈ ਜਿਸ ਨਾਲ ਮੈਂ ਨਾ ਸਿਰਫ਼ ਬਹੁਤ ਮਸਤੀ ਕੀਤੀ ਹੈ ਸਗੋਂ ਉਹ ਲੰਬੇ ਸਮੇਂ ਤੋਂ ਮੇਰੇ ਨਾਲ ਹੈ ਅਤੇ ਮੈਂ ਵੀ ਉਸ ਦੇ ਨਾਲ ਹਾਂ। ਜਦੋਂ ਉਹ ਆਲੇ-ਦੁਆਲੇ ਹੁੰਦਾ ਹੈ ਤਾਂ ਇਹ ਘਰ ਵਰਗਾ ਮਹਿਸੂਸ ਹੁੰਦਾ ਹੈ ਅਤੇ ਮੈਂ ਉਸ ‘ਤੇ ਬਹੁਤ ਭਰੋਸਾ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਅਜਿਹੇ ਦੋਸਤਾਂ ਨੂੰ ਲੱਭਣਾ ਬਹੁਤ ਘੱਟ ਹੈ, ਜੋ ਤੁਹਾਡੇ ਲਈ ਉਸ ਤਰ੍ਹਾਂ ਖੜ੍ਹੇ ਹੁੰਦੇ ਹਨ, ਜਿਸ ਤਰ੍ਹਾਂ ਉਹ ਆਪਣੇ ਦੋਸਤਾਂ ਲਈ ਖੜ੍ਹੇ ਹੁੰਦੇ ਹਨ। ਉਹ ਇੱਕ ਮਹਾਨ ਵਿਅਕਤੀ ਹੈ।”