ਨੂਹ ਝੜਪਾਂ : ਗਊ ਰੱਖਿਅਕ ਬਿੱਟੂ ਬਜਰੰਗੀ ਨੂੰ ਮਿਲੀ ਜ਼ਮਾਨਤ

ਗੁਰੂਗ੍ਰਾਮ/ਨੂਹ – ਇਸ ਮਹੀਨੇ ਦੀ ਸ਼ੁਰੂਆਤ ‘ਚ ਨੂਹ ‘ਚ ਹੋਈਆਂ ਫਿਰਕੂ ਝੜਪਾਂ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਕੀਤੇ ਗਏ ਗਊ ਰੱਖਿਅਕ ਬਿੱਟੂ ਬਜਰੰਗੀ ਨੂੰ ਬੁੱਧਵਾਰ ਨੂੰ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਬਜਰੰਗੀ ਨੂੰ 17 ਅਗਸਤ ਨੂੰ ਨੂਹ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਸੀ। ਉਹ ਫਰੀਦਾਬਾਦ ਜ਼ਿਲ੍ਹੇ ‘ਚ ਸਥਿਤ ਨੀਮਕਾ ਜੇਲ੍ਹ ‘ਚ ਬੰਦ ਹੈ। ਬਿੱਟੂ ਬਜਰੰਗੀ ਉਰਫ਼ ਰਾਜ ਕੁਮਾਰ ਨੂੰ ਸਹਾਇਕ ਪੁਲਸ ਸੁਪਰਡੈਂਟ ਊਸ਼ਾ ਕੁੰਡੂ ਦੀ ਸ਼ਿਕਾਇਤ ‘ਤੇ ਨੂਹ ਸਦਰ ਥਾਣੇ ‘ਚ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਐੱਫ.ਆਈ.ਆਰ. ਅਨੁਸਾਰ ਸੋਸ਼ਲ ਮੀਡੀਆ ਪੋਸਟ ਰਾਹੀਂ ਪਛਾਣੇ ਗਏ ਬਜਰੰਗੀ ਨੇ ਆਪਣੇ ਕੁਝ ਅਣਪਛਾਤੇ ਸਮਰਥਕਾਂ ਨਾਲ ਏ.ਐੱਸ.ਪੀ. ਕੁੰਡੂ ਦੀ ਅਗਵਾਈ ਵਾਲੀ ਪੁਲਸ ਟੀਮ ਨਾਲ ਗਲਤ ਰਵੱਈਆ ਕੀਤਾ ਸੀ ਅਤੇ ਧਮਕੀ ਦਿੱਤੀ ਸੀ। ਕੁੰਡੂ ਨੇ ਉਨ੍ਹਾਂ ਨੂੰ ਨਲਹੜ ਮੰਦਰ ‘ਚ ਤਲਵਾਰ ਅਤੇ ‘ਤ੍ਰਿਸ਼ੂਲ’ ਲਿਜਾਉਣ ਤੋਂ ਰੋਕਿਆ ਸੀ। ਕੁੰਡੂ ਨੇ ਕਿਹਾ ਕਿ ਜਦੋਂ ਭੀੜ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਪੁਲਸ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਪੁਲਸ ਵਾਹਨਾਂ ‘ਚ ਰੱਖੇ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ। ਪੁਲਸ ਨੇ ਕਿਹਾ ਕਿ ਗਊ ਰੱਖਿਅਕ ਬਜਰੰਗ ਫ਼ੋਰਸ ਦੇ ਮੁਖੀ ਬਜਰੰਗੀ ਨੂੰ ਸ਼ੁਰੂ ‘ਚ ਤਾਵੜੂ ਦੀ ਅਪਰਾਧ ਜਾਂਚ ਏਜੰਸੀ ਟੀਮ ਨੇ ਪੁੱਛ-ਗਿੱਛ ਲਈ ਹਿਰਾਸਤ ‘ਚ ਲਿਆ ਸੀ। ਨੂਹ ‘ਚ 31 ਜੁਲਾਈ ਨੂੰ ਫਿਰਕੂ ਝੜਪ ਹੋਣ ਦੇ ਇਕ ਦਿਨ ਬਾਅਦ ਇਕ ਅਗਸਤ ਨੂੰ ਬਜਰੰਗੀ ਨੂੰ ਫਰੀਦਾਬਾਦ ਪੁਲਸ ਨੇ ਭੜਕਾਊ ਭਾਸ਼ਣ ਅਤੇ ਜਨਤਕ ਰੂਪ ਨਾਲ ਹਥਿਆਰ ਲਹਿਰਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਦੱਸਿਆ ਕਿ ਨੂਹ ‘ਚ ਹੋਈ ਹਿੰਸਾ ਦੇ ਸਿਲਸਿਲੇ ‘ਚ ਹੁਣ ਤੱਕ 60 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 305 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।