ਆਰ. ਪੀ. ਸਿੰਘ ਨੇ ‘ਯਾਰੀਆਂ 2’ ਫ਼ਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਅਨੁਰਾਗ ਠਾਕੁਰ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ- ਫ਼ਿਲਮ ‘ਯਾਰੀਆਂ 2’ ਦੇ ਇਕ ਗੀਤ ’ਚ ਸਿੱਖ ਕਕਾਰ ਕਿਰਪਾਨ ਦੀ ਬੇਅਦਬੀ ਕਰਨ ਦਾ ਮਾਮਲਾ ਭਖ ਗਿਆ ਹੈ। ਫ਼ਿਲਮ ਦਾ ਇਹ ਗੀਤ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਇਕ ਮੋਨਾ ਤੇ ਕਲੀਨ ਸ਼ੇਵ ਵਿਅਕਤੀ ਕਿਰਪਾਨ ਪਹਿਨ ਕੇ ਕੁੜੀ ਨਾਲ ਬੱਸ ’ਚ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ।
ਆਰ. ਪੀ. ਸਿੰਘ ਨੇ ਟਵੀਟ ਸਾਂਝਾ ਕਰਦਿਆਂ ਲਿਖਿਆ, ‘‘ਫ਼ਿਲਮ ‘ਯਾਰੀਆਂ 2’ ਦੇ ਇਕ ਗੀਤ ਨੂੰ ਲੈ ਕੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ, ਜਿਸ ’ਚ ਇਕ ਮੋਨਾ ਅਦਾਕਾਰ ਕਿਰਪਾਨ (ਸਿੱਖ ਕਕਾਰ) ਪਹਿਨੇ ਨਜ਼ਰ ਆ ਰਿਹਾ ਹੈ। ਪ੍ਰੋਡਿਊਸਰ ਤੇ ਡਾਇਰੈਕਟਰ ਨੂੰ ਇੰਨਾ ਵੀ ਨਹੀਂ ਪਤਾ ਕਿ ਕਿਰਪਾਨ ਖ਼ਾਲਸਾ ਦੇ ਪੰਜ ਕਕਾਰਾਂ ’ਚੋਂ ਇਕ ਮਹੱਤਵਪੂਰਨ ਅੰਗ ਹੈ ਤੇ ਸਾਬਤ ਸੂਰਤ ਖ਼ਾਲਸਾ ਹੀ ਇਸ ਨੂੰ ਧਾਰਨ ਕਰ ਸਕਦੇ ਹਨ।’’
ਉਨ੍ਹਾਂ ਅੱਗੇ ਲਿਖਿਆ, ‘‘ਇਹ ਬੇਹੱਦ ਨਿੰਦਣਯੋਗ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਹੈ। ਅਨੁਰਾਗ ਠਾਕੁਰ ਨੇ ਤੁਰੰਤ ਸਾਡੀ ਸ਼ਿਕਾਇਤ ਸੈਂਸਰ ਬੋਰਡ ਦੇ ਮੁਖੀ ਪਰਸੂਨ ਜੋਸ਼ੀ ਨੂੰ ਭੇਜ ਦਿੱਤੀ ਹੈ।’’
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਇਸ ਗੀਤ ’ਤੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਵਿਰੁੱਧ ਫ਼ਿਲਮਾਂਕਣ ਨੂੰ ਲੈ ਕੇ ‘ਯਾਰੀਆਂ 2’ ਫ਼ਿਲਮ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਦੇ ਹੁਕਮ ਦਿੱਤੇ ਹਨ।